ਮਲੇਰਕੋਟਲਾ: ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲਿਆ ਉੱਥੇ ਹੀ ਮਲੇਰਕੋਟਲਾ 'ਚ ਵੀ ਸੰਗਰੂਰ ਰੋਡ ਘੰਟਿਆਂ ਬੱਧੀ ਬੰਦ ਰੱਖਿਆ ਗਿਆ। ਇਸ ਮੌਕੇ ਰਵਿਦਾਸ ਭਾਈਚਾਰੇ ਦਾ ਸਾਥ ਮੁਸਲਿਮ ਲੋਕਾਂ ਵੱਲੋਂ ਦਿੱਤਾ ਗਿਆ ਅਤੇ ਖੁੱਲ੍ਹ ਕੇ ਇਨ੍ਹਾਂ ਦੇ ਸਮਰਥਨ ਵਿੱਚ ਆ ਕੇ ਧਰਨੇ ਵਿੱਚ ਸ਼ਾਮਿਲ ਹੋਏ।
ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਧਰਨੇ ਵਿੱਚ ਰਾਜਨੀਤੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਵਾਰ-ਵਾਰ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਨਿੰਦਣਯੋਗ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਜੋ ਸਾਥ ਦਿੱਤਾ ਗਿਆ ਆਇਆ ਉਸ ਨੂੰ ਕਦੇ ਨਹੀਂ ਭੁਲਾਉਣਗੇ ਅਤੇ ਹਮੇਸ਼ਾਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਦਰਾਂ ਅਗਸਤ ਨੂੰ ਉਹ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਉਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਦੇ ਤੁਗਲਕਾਬਾਦ 'ਚ ਸਥਿਤ ਗੁਰੂ ਰਵਿਦਾਸ ਜੀ ਦਾ ਮੰਦਿਰ ਤੋੜ ਦਿੱਤਾ ਗਿਆ ਜਿਸ ਦਾ ਰਵਿਦਾਸ ਭਾਏਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸਮਰਥਨ ਕੀਤਾ ਗਿਆ।
ਇਸੇ ਤਹਿਤ ਮੰਗਲਵਾਰ ਨੂੰ ਪੰਜਾਬ ਬੰਦ ਰਿਹਾ ਅਤੇ ਰਵਿਦਾਸ ਭਾਈਚਾਰੇ ਦੇ ਨਾਲ ਮੁਸਲਿਮ ਭਾਈਚਾਰੇ ਨੇ ਵੀ ਇਸ ਦਾ ਸਮਰਥਨ ਕੀਤਾ ਅਤੇ ਸ਼ਾਂਤਮਈ ਢੰਗ ਨਾਲ ਰੋਸ ਜ਼ਾਹਿਰ ਕੀਤਾ।