ਮਲੇਰਕੋਟਲਾ: ਦੁਨੀਆਂ ਭਰ ਵਿੱਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮੁਸਲਿਮ ਭਾਈਚਾਰੇ ਦਾ ਸਭ ਤੋਂ ਅਹਿਮ ਤੇ ਪਵਿੱਤਰ ਮਹੀਨਾ ਕਹੇ ਜਾਣ ਵਾਲੇ ਰਮਜ਼ਾਨ ਦੇ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਇਸ ਮਹੀਨੇ ਦੀ ਸ਼ੁਰੂਆਤ 24-25 ਅਪ੍ਰੈਲ ਨੂੰ ਚੰਨ ਦੇ ਦੇਖਣ ਦੇ ਅਨੁਸਾਰ ਹੋਵੇਗੀ। ਇੱਕ ਮਹੀਨਾ ਲੋਕ ਰੋਜ਼ਾ ਰੱਖਣਗੇ ਤੇ ਰੱਬ ਦੀ ਇਬਾਦਤ ਕਰਨਗੇ। ਕਰਫ਼ਿਊ ਲੱਗਣ ਦੇ ਬਾਵਜੂਦ ਇਸ ਮਹੀਨੇ ਵਿੱਚ ਕਈ ਗੱਲਾਂ ਦਾ ਖਿਆਲ ਰੱਖਣਾ ਹੈ। ਇਸ ਨੂੰ ਲੈ ਕੇ ਮੁਫਤੀ ਆਜ਼ਮ ਪੰਜਾਬ ਇਰਤਕਾ ਉਲ ਹਸਨ ਦੁਆਰਾ ਸੂਬੇ ਭਰ ਦੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਤੇ ਕੁਝ ਅਹਿਮ ਇਹਤਿਆਤ ਵਰਤਣ ਦੀ ਗੱਲ ਕਹੀ ਗਈ ਹੈ।
ਇਸ ਮੌਕੇ ਮੁਫਤੀ ਆਜ਼ਮ ਪੰਜਾਬ ਨੇ ਕਿਹਾ ਕਿ ਲੋਕ ਆਪਣੇ-ਆਪਣੇ ਘਰਾਂ ਦੇ ਵਿੱਚ ਰਹਿਣ, ਨਮਾਜ਼ ਅਦਾ ਕਰਨ, ਇਬਾਦਤ ਕਰਨ ਅਤੇ ਦੇਸ਼ ਦੁਨੀਆਂ ਦੀ ਸਲਾਮਤੀ ਲਈ ਦੁਆ ਕਰਨ। ਇੰਨਾ ਹੀ ਨਹੀਂ ਬਲਕਿ ਇਹ ਵੀ ਕਿਹਾ ਕਿ ਕੋਈ ਵੀ ਵਿਅਕਤੀ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਨਾ ਜਾਣ ਅਤੇ ਨਾ ਹੀ ਰੋਜ਼ਾ ਅਫਤਾਰ ਪਾਰਟੀ ਕਰਨ ਬਲਕਿ ਆਪਣੇ-ਆਪਣੇ ਘਰਾਂ ਵਿੱਚ ਰੋਜ਼ੇ ਰੱਖਣ ਅਤੇ ਨਮਾਜ਼ ਅਦਾ ਕਰਨ।
ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਸਭ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਤਾਂ ਜੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।