ਮਲੇਰਕੋਟਲਾ: ਸਥਾਨਕ ਸ਼ਹਿਰ ਵਿੱਚ ਸ਼ੁਰੂ ਤੋਂ ਹੀ ਆਪਸੀ ਪਿਆਰ ਤੇ ਭਾਈਚਾਰੇ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ ਜਿਸ ਦੀ ਤਾਜ਼ਾ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਹਿੰਦੂ ਭਰਾਵਾਂ ਨੇ ਮਿਲ ਕੇ ਸ਼ਹਿਰ ਦੇ ਸਾਰੇ ਪਾਕ (ਧਾਰਮਕ) ਅਸਥਾਨਾਂ ਨੂੰ ਸੈਨੇਟਾਈਜ਼ ਕੀਤਾ ਗਿਆ ਜਿਸ ਵਿੱਚ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ ਮੌਜੂਦ ਹਨ।
ਇਸ ਮੌਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਾਰੇ ਇਕਜੁੱਟ ਹੋ ਕੇ ਇਸ ਵਾਹਿਯਾਤ ਬਿਮਾਰੀ ਨਾਲ ਨਜਿੱਠਣ ਲਈ ਤਿਆਰ ਹਨ। ਇਸ ਦੇ ਨਾਲ ਹੀ ਮਸਜਿਦ ਦੇ ਮੌਲਾਨਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਹੈ ਕਿ ਹਿੰਦੂ ਭਾਈਚਾਰੇ ਦੇ ਲੋਕ ਮਸਜਿਦ ਵਿੱਚ ਆ ਕੇ ਉਸ ਨੂੰ ਸਾਫ ਸੁਥਰਾ ਕਰ ਰਹੇ ਹਨ।
ਮੌਲਾਨਾ ਨੇ ਕਿਹਾ ਕਿ ਇਸ ਸਾਂਝੀ ਦੀਵਾਰ ਤੇ ਮੰਦਿਰ ਮਸਜਿਦ ਬਣੇ ਹੋਏ ਹਨ ਅਤੇ ਪੰਡਿਤ ਉਨ੍ਹਾਂ ਕੋਲ ਆਉਂਦੇ ਹਨ ਤੇ ਉਹ ਪੰਡਿਤ ਕੋਲ ਜਾ ਕੇ ਇੱਕ ਦੂਸਰੇ ਦੇ ਨਾਲ ਦੁੱਖ-ਸੁੱਖ ਕਰਦੇ ਹਨ ਤੇ ਤਿਉਹਾਰ ਮਨਾਉਂਦੇ ਹਨ।
ਮਲੇਰਕੋਟਲਾ ਸ਼ਹਿਰ ਦੇ ਸੋਮਸਨ ਕਾਲੋਨੀ ਦੇ ਵਿੱਚ ਇਕ ਹੀ ਦੀਵਾਰ 'ਤੇ ਸਾਂਝੇ ਤੌਰ 'ਤੇ ਬਣੇ ਮੰਦਿਰ ਮਸਜਿਦ ਬਿਲਕੁਲ ਇਕੱਠੇ ਬਣੇ ਹੋਏ ਨੇ ਜਿੱਥੋਂ ਇਹ ਸੈਨੇਟਾਈਜ਼ਰ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਇਸ ਮੌਕੇ ਮਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਵੱਲੋਂ ਵੀ ਮਲੇਰਕੋਟਲਾ ਦੇ ਅਲੱਗ-ਅਲੱਗ ਧਰਮਾਂ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿੱਚ ਵੇਖਿਆ ਕਿ ਹਰ ਇੱਕ ਧਰਮ ਤੇ ਮਜ਼੍ਹਬ ਦੇ ਲੋਕ ਔਖੀ ਘੜੀ ਵਿੱਚ ਤੇ ਦੁੱਖ ਸੁੱਖ ਦੇ ਵਿੱਚ ਇਕੱਠੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ।