ਸੰਗਰੂਰ: ਘੱਗਰ ਦੇ ਪਾੜ ਕਾਰਨ ਮੂਨਕ ਪਾਤੜਾਂ ਰੋਡ 'ਤੇ ਵੀ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਹੈ। ਲੋਕਾਂ ਵਲੋ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਨਹੀਂ ਹੈ।
ਕਿਸਾਨਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਾਣੀ ਰੁਕਣ ਦੀ ਬਜਾਏ ਲਗਾਤਾਰ ਵੱਧ ਰਿਹਾ ਹੈ। ਇਸ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਕਈ ਘਰਾਂ 'ਚ ਦਰਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਈ ਪਿੰਡਾਂ ਵਿੱਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਸੰਗਰੂਰ ਤੋਂ ਸਿਰਸਾ ਤੱਕ ਘੱਗਰ ਦਾ ਕਹਿਰ, ਘਰਾਂ 'ਚ ਵੜਿਆ ਪਾਣੀ
ਕਿਸਾਨਾਂ ਨੇ ਕਿਹਾ ਕਿ ਇਹ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਵੱਡੀ ਢਿੱਲ ਹੈ ਕਿ ਚੋਣਾਂ ਵੇਲੇ ਉਹ ਵਾਅਦੇ ਕਰਦੇ ਹਨ ਪਰ ਹੁਣ ਮੁਸ਼ਕਿਲ ਸਮੇਂ 'ਚ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਹੱਥ-ਪੱਲ੍ਹਾ ਨਹੀਂ ਫੜਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੁਆਵਜ਼ੇ ਦੇ ਤੋਰ 'ਤੇ ਉਨ੍ਹਾਂ ਨੂੰ 12-12 ਰੁਪਏ ਦੇ ਚੈੱਕ ਆਏ ਸਨ ਜੋ ਕਿ ਸਰਕਾਰ ਨੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਸੀ।ਦੱਸਣਯੋਗ ਹੈ ਕਿ ਸੰਗਰੂਰ ਦੇ ਮੂਨਕ ਵਿਖੇ ਘੱਗਰ 'ਚ ਪਏ ਪਾੜ ਨੂੰ ਠੀਕ ਕਰਨ ਲਈ ਰੈਸਕਿਊ ਟੀਮ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਨਦੀ ਦਾ ਪਾੜ 100 ਫੁੱਟ ਤੋਂ ਵੱਧ ਕੇ 125 ਫੁੱਟ ਤੱਕ ਪਹੁੰਚ ਚੁੱਕਾ ਹੈ। ਇਸ ਪਾੜ ਕਾਰਨ ਸੰਗਰੂਰ, ਪਟਿਆਲਾ ਤੇ ਇੱਥੋ ਤੱਕ ਕੇ ਸਿਰਸਾ ਦਾ ਇਲਾਕਾ ਵੀ ਪ੍ਰਭਾਵਿਤ ਹੋ ਰਿਹਾ ਹੈ।