ਸੰਗਰੂਰ: ਅਕਸਰ ਹੀ ਫ਼ਿਲਮਾਂ 'ਚ ਕਲਾਕਾਰ ਕਿਸੇ ਨਾ ਕਿਸੇ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਉਸ ਦਾ ਮਜ਼ਾਕ ਬਣਾਉਂਦੇ ਹਨ। ਕਈ ਵਾਰ ਇਨ੍ਹਾਂ ਕਲਾਕਾਰਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹਾਲ ਵਿੱਚ ਪੰਜਾਬੀ ਕਲਾਕਾਰ ਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਲੌਕਡਾਊਨ ਦੌਰਾਨ ਇੱਕ ਟਿੱਕ-ਟਾਕ ਵੀਡੀਓ ਬਣਾਈ ਗਈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸਾਥੀ ਕਲਾਕਾਰਾਂ ਨੂੰ ਲੈ ਕੇ ਦਿਵਯਾਂਗ ਲੋਕਾਂ 'ਤੇ ਦ੍ਰਿਸ਼ ਨੂੰ ਫ਼ਿਲਮਾਇਆ ਹੈ। ਇਸ ਵੀਡੀਓ ਨੂੰ ਲੈ ਕੇ ਦਿਵਯਾਂਗ ਭਾਈਚਾਰੇ ਦੇ ਲੋਕਾਂ 'ਚ ਰੋਸ ਪਾਇਆ ਗਿਆ ਹੈ।
ਉਨ੍ਹਾਂ ਕਹਿਣਾ ਹੈ, ਇਸ ਕਲਾਕਾਰ ਨੇ ਅਪੰਗ ਭਾਈਚਾਰੇ ਦੀ ਮਜਬੂਰੀ ਦਾ ਮਜ਼ਾਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਦਿਵਯਾਂਗ ਲੋਕਾਂ ਨੂੰ ਸਮਾਜ 'ਚ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ। ਜਿਸ ਸਬੰਧੀ ਭਵਾਨੀਗੜ੍ਹ ਥਾਣੇ 'ਚ ਕਲਾਕਾਰ ਗੁਰਚੇਤ ਚਿੱਤਰਕਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਿਵਯਾਂਗ ਭਾਈਚਾਰੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਵੀਡੀਓ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਤੇ ਸਾਰੇ ਅਪੰਗ ਲੋਕਾਂ ਤੋਂ ਮੁਆਫ਼ੀ ਮੰਗੀ ਜਾਵੇ।
ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਦਿਵਯਾਂਗ ਭਾਈਚਾਰੇ ਦੇ ਲੋਕਾਂ ਵੱਲੋਂ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਖ਼ਿਲਾਫ਼ ਸ਼ਿਕਾਇਤ ਆਈ ਹੈ, ਜਿਸ ਵਿੱਚ ਦਿਵਯਾਂਗ ਲੋਕਾਂ ਨੇ ਕਿਹਾ ਕਿ ਗੁਰਚੇਤ ਵੱਲੋਂ ਇੱਕ ਵੀਡੀਓ ਬਣਾਈ ਗਈ ਹੈ। ਇਸ ਵੀਡੀਓ ਵਿੱਚ ਅਪੰਗ ਲੋਕਾਂ ਦਾ ਮਜ਼ਾਕ ਬਣਾਇਆ ਗਿਆ ਹੈ। ਇਹ ਵੀਡੀਓ ਕਲਿੱਪ ਕਾਫ਼ੀ ਵਾਇਰਲ ਹੋ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।