ਸੰਗਰੂਰ: ਕਹਿੰਦੇ ਨੇ ਕਿ ਲਾਲਚ ਬੁਰੀ ਬਲਾ ਹੈ ਅਤੇ ਇਸੇ ਲਾਲਚ ਨੇ ਇੱਕ ਮਾਂ ਤੋਂ ਉਸ ਦਾ ਪੁੱਤ ਖੋਹ ਲਿਆ ਹੈ। ਇਹ ਮਾਮਲਾ ਹੈ ਸੰਗਰੂਰ ਦੇ ਪਿੰਡ ਖਾਨਪੁਰ ਫ਼ਕੀਰਾਂ ਦਾ ਜਿੱਥੇ ਇੱਕ ਨਾਰੀਅਲ ਦੇ ਲਾਲਚ 'ਚ ਬੱਚਾ ਨਹਿਰ ਵਿੱਚ ਡੁੱਬ ਗਿਆ। ਇਸ ਗੱਲ ਨੂੰ 2 ਦਿਨ ਹੋ ਗਏ ਹਨ ਅਤੇ ਬੱਚਾ ਅਜੇ ਤੱਕ ਨਹੀਂ ਲੱਭਿਆ।
ਜਾਣਕਾਰੀ ਮੁਤਾਬਕ ਤਿੰਨ ਬੱਚੇ ਨਹਿਰ ਕਿਨਾਰੇ ਨਹਾ ਰਹੇ ਸੀ ਤਾਂ ਉਨ੍ਹਾਂ ਨਹਿਰ 'ਚ ਨਾਰੀਅਲ ਰੁੜ੍ਹਿਆ ਜਾਂਦਾ ਵੇਖਿਆ। ਉਹ ਨਾਰੀਅਲ ਲੈਣ ਗਏ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਾਣੀ 'ਚ ਰੁੜ੍ਹ ਗਏ। ਉਨ੍ਹਾਂ ਵਿੱਚੋਂ ਇੱਕ ਕਿਸੇ ਤਰ੍ਹਾਂ ਪਾਣੀ 'ਚੋਂ ਬਾਹਰ ਆਇਆ ਤਾਂ ਉਸ ਨੇ ਰੋਲ਼ਾ ਪਾ ਦਿੱਤਾ।
ਉਸ ਦਾ ਰੌਲਾ ਸੁਣ ਕੇ ਪਿੰਡ ਦਾ ਇੱਕ ਵਿਅਕਤੀ ਆਇਆ ਤਾਂ ਉਸ ਨੇ ਬੱਚਿਆਂ ਨੂੰ ਬਚਾਉਣ ਲਈ ਨਹਿਰ 'ਚ ਛਾਲ ਮਾਰੀ। ਇਸ ਦੌਰਾਨ ਉਸ ਨੇ ਇੱਕ ਬੱਚੇ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਦੂਜਾ ਬੱਚਾ ਰੁੜ੍ਹ ਗਿਆ।
ਬਚਾਅ ਟੀਮ ਉਸ ਦੀ ਭਾਲ ਵਿੱਚ ਜੁਟੀ ਹੈ ਪਰ ਅਜੇ ਤੱਕ ਬੱਚਾ ਨਹੀਂ ਮਿਲਿਆ ਹੈ। ਸਥਾਨਕ ਐੱਸਡੀਐੱਮ ਨੇ ਇਸ ਘਟਨਾ ਤੋਂ ਬਾਅਦ ਹਰ ਕਿਸੇ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਨਹਿਰਾਂ 'ਚ ਨਹਾਉਣ ਤੋਂ ਰੋਕਿਆ ਜਾਵੇ, ਨਹੀਂ ਤਾਂ ਕਦੇ ਵੀ ਅਜਿਹਾ ਹਾਦਸਾ ਵਾਪਰ ਸਕਦਾ ਹੈ।
ਇੱਥੇ ਦੱਸ ਦਈਏ ਕਿ ਅਕਸਰ ਹੀ ਲੋਕ ਟੂਣਾ ਜਾਂ ਪੂਜਾ ਕਰਕੇ ਨਾਰੀਅਲ ਪਾਣੀ 'ਚ ਵਹਾਅ ਦਿੰਦੇ ਹਨ ਅਤੇ ਬੱਚੇ ਨਾਰੀਅਲ ਖਾਣ ਦੇ ਲਾਲਚ 'ਚ ਪਾਣੀ ਵਿੱਚ ਵੜ੍ਹ ਜਾਂਦੇ ਹਨ ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਇਹ ਕੋਈ ਪਹਿਲਾ ਹਾਦਸਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰੇ ਹਨ।