ਸੰਗਰੂਰ:ਜ਼ਿਲ੍ਹੇ ਦੇ ਪਿੰਡ ਚੱਠਾ ਨਨਹੇੜਾ ਵਿੱਚ ਭਾਜਪਾ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਉਣ ਪੁੱਜੇ। ਭਾਜਪਾ ਆਗੂ ਅੰਮ੍ਰਿਤ ਰਾਜ ਸਿੰਘ ਚੱਠਾ ਦੇ ਘਰ ਪੀਐਮ ਮੋਦੀ ਦਾ ਜਨਮ ਦਿਨ ਮਨਾਉਣ ਪੁੱਜੇ ਆਗੂਆਂ ਤੇ ਵਰਕਰਾਂ ਨੂੰ ਕਿਸਾਨਾਂ ਅਤੇ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੇਂਦਰੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਆਖਿਆ ਕਿ ਇੱਕ ਪਾਸੇ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਿਆ ਕਿ ਕਿਸਾਨਾਂ ਨੂੰ ਉਜਾੜ ਰਹੀ ਹੈ, ਉਥੇ ਹੀ ਦੂਜੇ ਪਾਸੇ ਭਾਜਪਾ ਆਗੂ ਪਿੰਡਾਂ 'ਚ ਪੀਐਮ ਮੋਦੀ ਦਾ ਜਨਮ ਦਿਨ ਮਨਾ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਨਮਕ ਛਿੜਕ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਭਾਜਪਾ ਸਮਰਥਕਾਂ ਦਾ ਵਿਰੋਧ ਕਰਦੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਆਰਡੀਨੈਂਸ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦੀ ਸਾਜਿਸ਼ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਆਗੂਆਂ ਨੂੰ ਪੂਰੀ ਤਰ੍ਹਾਂ ਘੇਰ ਲਿਆ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਮੌਕੇ 'ਤੇ ਪੁੱਜੇ। ਪੁਲਿਸ ਤੇ ਅਧਿਕਾਰੀਆਂ ਵੱਲੋਂ ਲਗਾਤਾਰ ਕਈ ਘੰਟਿਆਂ ਤੱਕ ਮਨਾਉਣ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ।
ਭਾਜਪਾ ਆਗੂ ਪ੍ਰੇਮ ਚੰਦ ਗੁਗਨਾਨੀ ਨੇ ਦੱਸਿਆ ਕਿ ਉਹ ਪਾਰਟੀ ਵਰਕਰਾਂ ਨਾਲ ਪੀਐਮ ਮੋਦੀ ਦਾ ਜਨਮ ਦਿਨ ਮਨਾਉਣ ਲਈ ਉਥੇ ਪੁੱਜੇ ਸਨ। ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਹਾਈਕਮਾਂਡ ਤੱਕ ਪਹੁੰਚਾਣ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਧਰਨਾ ਹਟਾ ਦਿੱਤਾ। ਪ੍ਰੇਮ ਚੰਦ ਗੁਗਨਾਨੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕਿਸੇ ਦੇ ਘਰ ਅੱਗੇ ਧਰਨਾ ਲਾਉਣਾ ਵਾਜਿਬ ਨਹੀਂ ਹੈ। ਉਨ੍ਹਾਂ ਮੋਦੀ ਸਰਕਾਰ ਦੀ ਪੈਰਵੀ ਕਰਦਿਆਂ ਕਿਹਾ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਹਿੱਤ 'ਚ ਹਨ।