ਮੋਹਾਲੀ: ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਕਹਾਣੀਕਾਰ, ਨਿਬੰਧਕਾਰ 'ਤੇ ਚਿੰਤਕ ਜਸਵੰਤ ਸਿੰਘ ਕੰਵਲ ਦਾ ਦੇਹਾਂਤ 'ਤੇ ਸਾਹਿਤ ਜਗਤ ਦੇ ਲੋਕਾਂ 'ਚ ਸੋਗ ਦੀ ਲਹਿਰ ਹੈ। ਜਸਵੰਤ ਸਿੰਘ ਦੇ ਦੇਹਾਂਤ 'ਤੇ ਉੱਘੇ ਲੇਖਕ ਮੋਹਨ ਭੰਡਾਰੀ ਨੇ ਸੋਗ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਜਸਵੰਤ ਸਿੰਘ ਦਾ ਸਦੀਵੀਂ ਵਿਛੋੜਾ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੈ। ਮੋਹਨ ਭੰਡਾਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਛੋੜਾ ਮੇਰੇ ਲਈ ਨਿੱਜੀ ਘਾਟਾ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਹਮੇਸ਼ਾ ਪੰਜਾਬ ਦੀ ਆਨ-ਬਾਨ ਸ਼ਾਨ ਦੇ ਹਮੇਸ਼ਾ ਮੁੱਦਈ ਰਹੇ ਹਨ ਤੇ ਉਨ੍ਹਾਂ ਨੇ ਇਸ ਲਈ ਹੀ ਕੰਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਸਵੰਤ ਸਿੰਘ ਆਪਣੀ ਕਿਸਮ ਦੇ ਇਨਸਾਨ ਸਨ ਤੇ ਉਹ ਪੇਂਡੂ ਜੀਵਨ ਕਿਸਾਨੀ ਤੋਂ ਪ੍ਰੇਰਿਤ ਸਨ। ਮੋਹਨ ਭੰਡਾਰੀ ਨੇ ਦੱਸਿਆ ਕਿ ਜਸਵੰਤ ਸਿੰਘ ਕੰਵਲ ਨੂੰ ਕਈ ਲੋਕ ਮਿਲਣ ਜਾਂਦੇ ਸਨ ਤੇ ਉਹ ਹਰ ਕਿਸੇ ਨਾਲ ਚੰਗਾ ਵਿਵਹਾਰ ਕਰਦੇ ਸਨ।
ਮੋਹਨ ਭੰਡਾਰੀ ਨੇ ਕਿਹਾ ਕਿ ਅਜਿਹੇ ਲੇਖਕ ਬਹੁਤੇ ਘੱਟ ਹੁੰਦੇ ਹਨ ਜੋ ਕਿ ਆਪਣੇ ਵਿਚਾਰਾਂ ਵਾਂਗ ਹੀ ਲੋਕਾਂ ਨਾਲ ਸਹਿਜਤਾ ਨਾਲ ਮੇਲ-ਜੋਲ ਰੱਖਦੇ ਹਨ ਤੇ ਉਹ ਉਨ੍ਹਾਂ ਦੀ ਕਦਰ ਕਰਦੇ ਹਨ। ਮੋਹਨ ਭੰਡਾਰੀ ਨੇ ਦੱਸਿਆ ਕਿ ਉਹ ਆਪਣੇ ਜੀਵਨ 'ਚ ਕਈ ਵਾਰ ਜਸਵੰਤ ਸਿੰਘ ਨੂੰ ਮਿਲੇ ਹਨ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਪ੍ਰੋਗਰੈਸਿਵ ਲਿਟਰੇਚਰ ਦੀ ਗੱਲ ਕਰਦੇ ਸਨ। ਉਨ੍ਹਾਂ ਦੀ ਬਲਰਾਜ ਸਾਹਨੀ ਨਾਲ ਨੇੜਤਾ ਰਹੀ ਹੈ। ਮੋਹਨ ਭੰਡਾਰੀ ਨੇ ਕਿਹਾ,"ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਜਸਵੰਤ ਕੰਵਲ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਜੋ ਘਾਟਾ ਪਿਆ ਹੈ, ਉਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।