ਮੋਹਾਲੀ: ਇੱਕ ਔਰਤ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ 'ਚ ਉਹ 'ਧੀ, ਭੈਣ, ਮਾਂ ਅਤੇ ਹੋਰ ਰਿਸ਼ਤੇ ਸ਼ਾਮਲ ਹਨ। ਅੱਜ ਤੁਹਾਨੂੰ ਉਸ ਭੈਣ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਨੇ ਆਪਣੇ ਭਰਾ ਦੀ ਜਾਨ ਬਚਾਉਣ ਲਈ ਆਪਣਾ ਹਰ ਸੁਫਨਾ, ਖਵਾਹਿਸ਼ਾਂ ਖ਼ਤਮ ਕਰ ਦਿੱਤਾ ਹੈ। 11 ਸਾਲ ਦੀ ਮਿਹਨਤ ਸਦਕਾ ਆਪਣੇ ਭਰਾ ਨੂੰ ਮੌਤ ਦੇ ਮੂੰਹ ਤੋਂ ਖਿੱਚ ਲਿਆਈ ਅਸੀਂ ਗੱਲ ਕਰ ਰਹੇ ਹਾਂ ਜ਼ੀਰਕਪੁਰ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੀ।
ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਜੋ ਘਰ ਵਿੱਚ ਸਭ ਤੋਂ ਛੋਟੀ ਹੈ ਉਸ ਨੂੰ ਨਵਾਂ ਜਨਮ ਦਿੱਤਾ। ਤਿੰਨ ਸਾਲ ਤੱਕ ਪਰਮਿੰਦਰ ਸਿੰਘ ਸਿਰਫ਼ ਬੈੱਡ ਉੱਤੇ ਹੀ ਰਹੇ ਅਤੇ ਉਸ ਦੀ ਸਾਰੀ ਦੇਖਭਾਲ ਉਸ ਦੀ ਛੋਟੀ ਭੈਣ ਹਰਪ੍ਰੀਤ ਕੌਰ ਨੇ ਹੀ ਕੀਤੀ। ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਹਰਪ੍ਰੀਤ ਕੌਰ ਉਸ ਦੀ ਭੈਣ ਨਹੀਂ ਬਲਕਿ ਮਾਂ ਹੈ ਜਿਸ ਨੇ ਬੋਤਲ ਅਤੇ ਸ਼ੀਸ਼ਿਆਂ ਨਾਲ ਉਸ ਨੂੰ ਦੁੱਧ-ਪਾਣੀ ਪਿਆ ਕੇ ਨਵਾਂ ਜਨਮ ਦਿੱਤਾ।
ਉੱਥੇ ਹੀ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ ਅਤੇ ਭਰਾ ਦੀ ਬੀਮਾਰੀ ਕਾਰਨ ਔਕੜਾਂ ਜ਼ਰੂਰ ਆਈਆ ਪਰ ਉਸ ਨਾਲ ਉਸ ਦੇ ਹੌਂਸਲੇ ਕਦੀ ਵੀ ਡਿੱਗੇ ਨਹੀਂ। ਆਪਣੀ ਪੜ੍ਹਾਈ ਤਾਂ ਪੂਰੀ ਕੀਤੀ ਪਰ ਹਰਪ੍ਰੀਤ ਕੌਰ ਨੇ ਫ਼ੈਸਲਾ ਲਿਆ ਕਿ ਉਹ ਉਦੋਂ ਤਕ ਵਿਆਹ ਨਹੀਂ ਕਰਵਾਏਗੀ ਜਦੋਂ ਤੱਕ ਉਸ ਦਾ ਭਰਾ ਬਿਲਕੁਲ ਠੀਕ ਨਹੀਂ ਹੋ ਜਾਂਦਾ।