ਮੋਹਾਲੀ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬੀਤੇ ਦਿਨ ਮੰਗਲਵਾਰ ਨੂੰ ਮੇਰਠ ਦੀ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬਝੇ ਹਨ। ਮੋਹਾਲੀ ਦੇ ਇੱਕ ਰਿਸੋਰਟ ਵਿੱਚ ਹੀ ਪਰਿਵਾਰ, ਸੀਮਿਤ ਮਹਿਮਾਨਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਆਨੰਦ ਕਾਰਜ ਹੋਏ। ਬਾਕੀ ਸਾਰੀਆਂ ਵਿਆਹ ਦੀਆਂ ਰਸਮਾਂ ਵੀ ਰਿਸੋਰਟ ਵਿੱਚ ਹੀ ਨਿਭਾਈਆਂ ਗਈਆਂ। ਵਿਆਹ ਦੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਤੇ ਭੈਣ ਸਣੇ ਪੰਜਾਬ ਕੈਬਨਿਟ ਦੇ ਹੋਰ ਮੰਤਰੀਆਂ ਨੇ ਸ਼ਮੂਲੀਅਤ ਕੀਤੀ।
ਅੱਜ ਮੋਹਾਲੀ ਵਿੱਚ ਗ੍ਰੈਂਡ ਰਿਸੈਪਸ਼ਨ: ਮੀਤ ਹੇਅਰ ਤੇ ਗੁਰਵੀਨ ਕੌਰ ਦੇ ਵਿਆਹ ਦੀ ਪਾਰਟੀ ਅੱਜ ਸ਼ਾਮ ਨੂੰ ਰੱਖੀ ਗਈ ਹੈ। ਰਿਸੈਪਸ਼ਨ ਪਾਰਟੀ ਮੋਹਾਲੀ ਜ਼ਿਲ੍ਹੇ ਦੇ ਇੱਕ ਨਿੱਜੀ ਰਿਸੋਰਟ ਵਿੱਚ ਹੋਵੇਗੀ। ਇਸ ਦੌਰਾਨ ਪਾਰਟੀ ਵਿੱਚ ਕਈ ਵੀਵੀਆਈਪੀ ਸਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਪਹੁੰਚਣ ਦੀਆਂ ਚਰਚਾਵਾਂ ਵੀ ਹਨ। ਪੁਲਿਸ ਨੇ ਰਿਸੋਰਟ ਕੋਲ ਸੁਰੱਖਿਆ (Meet Hayer Weds Gurveen Kaur) ਵਧਾ ਦਿੱਤੀ ਹੈ।
ਮੇਰਠ ਦੇ ਮਸ਼ਹੂਰ ਪਰਿਵਾਰ ਦੀ ਧੀ ਹੈ ਗੁਰਵੀਨ ਕੌਰ: ਮੇਰਠ ਦੀ ਡਾਕਟਰ ਗੁਰਵੀਨ ਕੌਰ ਬਾਜਵਾ ਪਰਿਵਾਰ ਦੀ ਧੀ ਹੈ। ਦੱਸ ਦੇਈਏ ਕਿ ਡਾਕਟਰ ਗੁਰਵੀਨ ਕੌਰ ਦੇ ਪਿਤਾ ਭੂਪੇਂਦਰ ਸਿੰਘ ਗੌਡਵਿਨ ਗਰੁੱਪ ਦੇ ਡਾਇਰੈਕਟਰ ਹਨ। ਉਹ ਭਾਰਤੀ ਓਲੰਪਿਕ ਸੰਘ ਦਾ ਅਧਿਕਾਰੀ ਵੀ ਹਨ।
ਪੇਸ਼ ਵਜੋਂ ਰੇਡੀਓਲੋਜਿਸਟ ਹੈ ਡਾ. ਗੁਰਵੀਨ ਕੌਰ: ਮੇਰਠ ਦੇ ਇੱਕ ਮਸ਼ਹੂਰ ਪਰਿਵਾਰ ਦੀ ਧੀ ਡਾ. ਗੁਰਵੀਨ ਕੌਰ ਨੇ ਮਸੂਰੀ ਤੋਂ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਸੁਭਾਰਤੀ ਯੂਨੀਵਰਸਿਟੀ ਤੋਂ ਐਮਬੀਬੀਐਸ ਅਤੇ ਐਮਡੀ ਕੀਤੀ। ਗੁਰਵੀਨ ਕੌਰ ਐਮਡੀ ਵਿੱਚ ਟਾਪਰ ਰਹੀ। ਇਸ ਸਮੇਂ ਉਹ ਮੇਦਾਂਤਾ ਹਸਪਤਾਲ ਵਿੱਚ ਬਤੌਰ ਰੇਡੀਓਲੋਜਿਸਟ ਤਾਇਨਾਤ ਹਨ।
ਮੀਤ ਹੇਅਰ ਪੰਜਾਬ ਦੇ ਖੇਡ ਮੰਤਰੀ: ਜੇਕਰ, ਮੰਤਰੀ ਗੁਰਮੀਤ ਸਿੰਘ ਹੇਅਰ ਦੀ ਪੜ੍ਹਾਈ ਦੀ ਗੱਲ ਕਰੀਏ, ਤਾਂ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ (Meet Hayer Marriage) ਕੀਤੀ ਹੈ। ਉਹ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕੋਲ ਪੰਜਾਬ ਸਰਕਾਰ ਵਿੱਚ 5 ਵਿਭਾਗ ਹਨ। ਉਹ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਆਪ ਸਰਕਾਰ ਦੇ ਨੇਤਾਵਾਂ ਦੇ ਵਿਆਹ: ਇਕ-ਦੋ ਸਾਲ ਅੰਦਰ, ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਇਸ ਤੋਂ ਬਾਅਦ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਆਹ ਆਈਪੀਐਸ ਜੋਤੀ ਯਾਦਵ ਨਾਲ ਹੋਇਆ। ਹੁਣ ਹਾਲ ਹੀ 'ਚ 'ਆਪ' ਸਾਂਸਦ ਰਾਘਵ ਚੱਢਾ ਦਾ ਵਿਆਹ ਅਦਾਕਾਰਾ ਪਰੀਨਿਤੀ ਚੋਪੜਾ ਨਾਲ ਹੋਇਆ ਹੈ।