ਐਸ.ਏ.ਐਸ.ਨਗਰ: ਪੰਜਾਬ ਪੁਲਿਸ ਵੱਲੋਂ ਸ਼ਨੀਵਾਰ ਦੀ ਸਵੇਰ ਐਸ.ਏ.ਐਸ.ਨਗਰ ਵਿਖੇ ਰਾਧਾ ਸੁਆਮੀ ਚੌਕ ਨੇੜੇ ਆਪਣੀ ਤੇਜ਼ ਰਫਤਾਰ ਮਰਸੀਡੀਜ਼ ਕਾਰ ਨਾਲ ਤਿੰਨ ਵਿਅਕਤੀਆਂ ਨੂੰ ਕੁਚਲਣ ਅਤੇ 3 ਹੋਰਨਾਂ ਨੂੰ ਗੰਭੀਰ ਜ਼ਖਮੀ ਵਾਲਾ ਦੇ ਦੋਸ਼ ਵਿੱਚ 18 ਸਾਲਾ ਲੜਕੇ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ, ਸਮਰਾਟ ਉਮਰ 18 ਸਾਲ ਵਾਸੀ ਸੈਕਟਰ 34 ਡੀ, ਚੰਡੀਗੜ੍ਹ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦੇ ਵੈਲਡਨ ਆਪਟੀਕਲਜ਼ ਪਰਿਵਾਰ ਨਾਲ ਸਬੰਧਤ ਹੈ। ਉਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਅਤੇ ਹਾਦਸੇ ਦੇ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਹਾਦਸੇ ਸਮੇਂ ਸਮਰਾਟ ਦੀ ਕਾਰ ਵਿੱਚ ਮੌਜੂਦ ਉਸ ਦੇ ਦੋ ਦੋਸਤਾਂ ਉੱਤੇ ਵੀ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਦੀ ਪਛਾਣ ਅਰਜੁਨ ਅਤੇ ਪ੍ਰਭਨੂਰ ਵਜੋਂ ਹੋਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਮਰਾਟ ਜੋ ਕਿ ਮਰਸੀਡੀਜ ਕਾਰ (ਸੀਐਚ 01 ਸੀਸੀ 1869 ਨੰਬਰ) ਚਲਾ ਰਿਹਾ ਸੀ, ਨੇ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਕਰਕੇ ਇੱਕ ਅਰਟੀਗਾ ਕਾਰ ਅਤੇ ਦੋ ਸਾਈਕਲਾਂ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਈਕਲ ਸਵਾਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਧਰਮਪ੍ਰੀਤ ਸਿੰਘ, ਅੰਕੁਸ਼ ਨਰੂਲਾ ਅਤੇ ਰਾਮ ਪ੍ਰਸਾਦ ਵਜੋਂ ਹੋਈ ਹੈ।
ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਐਸ.ਏ.ਐਸ. ਨਗਰ ਸਤਿੰਦਰ ਸਿੰਘ ਨੇ ਦੱਸਿਆ ਕਿ ਮਰਸੀਡੀਜ਼ ਵਿੱਚ ਬੈਠੇ ਤਿੰਨੇ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਤੇਜ਼ ਰਫ਼ਤਾਰ ਕਾਰ ’ਤੇ ਕਾਬੂ ਨਹੀਂ ਪਾ ਸਕਿਆ। ਉਹ ਪੀੜਤਾਂ ਦੀ ਗੰਭੀਰ ਸਥਿਤੀ ਨੂੰ ਜਾਣੂ ਹੁੰਦਿਆਂ ਵੀ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਏ ਅਤੇ ਉਨਾਂ ਨੇ ਪੁਲਿਸ ਜਾਂ ਐਂਬੂਲੈਂਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਨੂੰ ਮਰਸੀਡੀਜ਼ ਕੋਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਹੋਈਆਂ ਹਨ।
ਐਸਐਸਪੀ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਡਰਾਈਵਰ ਸਮਰਾਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਹੋਰਨਾਂ ਮੁਲਜਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸੇ ਦੌਰਾਨ ਦੋਸ਼ੀਆਂ ਵਿਰੁੱਧ ਥਾਣਾ ਮਟੌਰ ਵਿਖੇ ਆਈਪੀਸੀ ਦੀ ਧਾਰਾ 304 (ਕਲਪੇਬਲ ਹੋਮੀਸਾਈਡ ਨਾਟ ਅਮਾਊਂਟਿੰਗ ਟੂ ਮਰਡਰ) ਅਤੇ 120 ਬੀ (ਅਪਰਾਧਕ ਸਾਜਿਸ਼) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅਗਲੇ ਦੋ ਹਫ਼ਤਿਆਂ ਵਿੱਚ ਜਾਂਚ ਪੂਰੀ ਕਰ ਲਈ ਜਾਵੇਗੀ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਮਿਸਾਲੀ ਸਜ਼ਾ ਦਵਾਉਣ ਲਈ ਅਦਾਲਤ ਨੂੰ ਬੇਨਤੀ ਕੀਤੀ ਜਾਵੇਗੀ।