ਮੋਹਾਲੀ: ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਏਐਸ ਨਗਰ ਮੋਹਾਲੀ ਮਿਊਂਸੀਂਪਲ ਚੋਣਾਂ ਲਈ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕੀਤੀ। ਇਸ ਸਮੇਂ ਆਜ਼ਾਦ ਉਮੀਦਵਾਰ ਬਲਜਿੰਦਰ ਸਿੰਘ ਬੇਦੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਵਾਰਡ ਨੰ. 50 ਤੋਂ ਚੋਣ ਲੜਨ ਲਈ ਚੋਣ ਮੈਦਾਨ ਵਿੱਚ ਡਟ ਗਿਆ ਹੈ। ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੁੱਝ ਲੋਕਾਂ ਦੇ ਜਾਣ ਨਾਲ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਆਪਣੀ ਰਿਹਾਇਸ਼ 'ਤੋਂ ਬਲਜਿੰਦਰ ਬੇਦੀ ਨੂੰ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਦਿਆਂ ਕਿਹਾ ਕਿ ਅਗਲੇ ਕੁੱਝ ਦਿਨਾਂ ‘ਚ ਹਰ ਵਾਰਡ ਤੋਂ ਰਹਿੰਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਾਰਡਾਂ ਤੋਂ ਟਿਕਟਾਂ ਲੈਣ ਲਈ ਆਹੁਦੇਦਾਰਾਂ ਵੱਲੋਂ ਅਪਲਾਈ ਕੀਤਾ ਜਾ ਰਿਹਾ ਹੈ, ਪ੍ਰੰਤੂ ਪਾਰਟੀ ਵੱਲੋਂ ਹਰ ਵਰਕਰ ਅਤੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਮੈਰਿਟ ਦੇ ਆਧਾਰ ‘ਤੇ ਟਿਕਟ ਦੀ ਵੰਡ ਕੀਤੀ ਜਾ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਕਾਂਗਰਸ ਵੱਲੋਂ ਵਾਰਡਬੰਦੀ ਕਰਨ ਵਿੱਚ ਪੂਰਾ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਆਪਣੇ ਨਿੱਜੀ ਫਾਇਦੇ ਲੈਣ ਲਈ ਵਾਰਡਾਂ ਦੀ ਆਪਣੀ ਹੀ ਮਨਮਰਜ਼ੀ ਨਾਲ ਭੰਨਤੋੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਭੰਨਤੋੜ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਵੀ ਮੁਸ਼ਕਿਲ ਆਵੇਗੀ।
ਪ੍ਰੋ. ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਕਾਂਗਰਸ ਵੱਲੋਂ ਸਰਕਾਰ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਵਿਰੋਧੀਆਂ ਦੀਆਂ ਵੋਟਾਂ ਵੀ ਕੱਟੀਆਂ ਜਾ ਰਹੀਆਂ ਹਨ, ਜੋ ਸਰਾਸਰ ਸਿੱਧੇ ਰੂਪ ਵਿੱਚ ਲੋਕਤੰਤਰ ਦੀ ਤੌਹੀਨ ਹੈ।