ਮੁਹਾਲੀ: ਅੰਮ੍ਰਿਤਪਾਲ ਦੇ ਹੱਕ ਵਿੱਚ ਸੋਹਾਣਾ ਸਾਹਿਬ ਗੁਰਦੁਆਰੇ ਅੱਗੇ ਬੈਠੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਨੂੰ ਪੰਜਾਬ ਪੁਲਿਸ ਨੇ ਹਟਾ ਦਿੱਤਾ ਹੈ। ਅੰਮ੍ਰਿਤਪਾਲ ਦੇ ਹੱਕ ਵਿੱਚ ਇਹ ਪ੍ਰਦਰਸ਼ਨਕਾਰੀ ਧਰਨਾ ਦੇ ਰਹੇ ਸਨ ਅਤੇ ਕਈ ਪ੍ਰਦਰਸ਼ਨਕਾਰੀਆਂ ਉੱਤੇ ਲੋਕਾਂ ਨੂੰ ਸੂਬਾ ਸਰਕਾਰ ਖ਼ਿਲਾਫ਼ ਭੜਕਾਉਣ ਦਾ ਇਲਜ਼ਾਮ ਵੀ ਹੈ। ਦੱਸ ਦਈਏ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਅਤੇ ਕਮਾਂਡੋ ਪੁਲਿਸ ਨੇ ਧਰਨਾਕਾਰੀਆਂ ਨੂੰ ਹਟਾਉਣ ਲਈ ਬਲ ਦਾ ਵੀ ਪ੍ਰਯੋਗ ਕੀਤਾ ਹੈ। ਹਾਲਾਂਕਿ ਪੁਲਿਸ ਦੀ ਇਸ ਕਾਰਵਾਈ ਦਾ ਕਈ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਵੀ ਕੀਤਾ ਹੈ ਅਤੇ ਕਿਹਾ ਕਿ ਉਹ ਬੇਸਕੂਰ ਨੇ ਅਤੇ ਪੁਲਿਸ ਧੱਕੇ ਨਾਲ ਉਨ੍ਹਾਂ ਉੱਤੇ ਪਰਚੇ ਪਾਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ।
ਕਾਰਵਾਈ ਤੋਂ ਬਾਅਦ ਲਗਾਇਆ ਸੀ ਧਰਨਾ: ਦੱਸ ਦਈਏ ਬੰਦੀ ਸਿੰਘਾਂ ਦੇ ਹੱਕ ਵਿੱਚ ਮੁਹਾਲੀ ਵਾਈਪੀਐੱਸ ਚੌਂਕ ਉੱਤੇ ਪਿਛਲੇ ਲੰਮੇਂ ਸਮੇਂ ਤੋਂ ਸਿੱਖ ਸੰਗਤਾਂ ਅਤੇ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਜਦੋਂ ਬੀਤੇ ਦਿਨੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਪੁਲਿਸ ਨੇ ਅਚਾਨਕ ਵੱਡਾ ਐਕਸ਼ਨ ਕੀਤਾ ਤਾਂ ਕੌਮੀ ਇਨਸਾਫ਼ ਮੋਰਚੇ ਵਿੱਚ ਮੌਜੂਦ ਅੰਮ੍ਰਿਤਪਾਲ ਦੇ ਹਿਮਾਇਤੀਆਂ ਨੇ ਮੁਹਾਲੀ ਵਿੱਚ ਗੁਰਦੁਆਰਾ ਸੋਹਾਣਾ ਸਾਹਿਬ ਅੱਗੇ ਧਰਨਾ ਲਗਾ ਦਿੱਤਾ ਅਤੇ ਅੰਮ੍ਰਿਤਪਾਲ ਦੇ ਖ਼ਿਲਾਫ਼ ਹੋਈ ਕਾਰਵਾਈ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਅੱਜ ਐਕਸ਼ਨ ਕਰਦਿਆਂ ਧਰਨਾ ਚੁਕਵਾ ਦਿੱਤਾ ਹੈ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਸ਼ਨਿੱਚਰਵਾਰ ਨੂੰ ਬਾਅਦ ਦੁਪਹਿਰ ਬਠਿੰਡਾ ਦੇ ਪਿੰਡ ਚਉਕੇ ਵਿੱਚ ਅੰਮ੍ਰਿਤ ਸੰਚਾਰ ਲਈ ਆਪਣੇ ਸਾਥੀਆਂ ਨਾਲ ਜਾ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਰੀਬ 8 ਜ਼ਿਲ੍ਹਿਆਂ ਦੀ ਪੁਲਿਸ ਨੇ ਐਕਸ਼ਨ ਅਰੰਭਿਆਂ ਅਤੇ ਗ੍ਰਿਫ਼ਤਾਰੀ ਲਈ ਜੱਦੋ-ਜਹਿਦ ਕੀਤੀ। ਇਸ ਤੋਂ ਮਗਰੋਂ ਪੁਲਿਸ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਮੌਕੇ ਉੱਤੋਂ ਫਰਾਰ ਹੋ ਗਿਆ। ਦੱਸ ਦਈਏ ਪੁਲਿਸ ਨੇ ਸ਼ਨਿੱਚਰਵਾਰ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਥੀਆਂ ਖ਼ਿਲਾਫ਼ ਆਰੰਭੇ ਐਕਸ਼ਨ ਵਿੱਚ ਹੁਣ ਤੱਕ ਸੈਂਕੜੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹੁਣ ਵੀ ਕਈ ਸਮਰਥਕਾਂ ਖ਼ਿਲਾਫ਼ ਕਾਰਵਾਈ ਜਾਰੀ ਹੈ।
ਕਾਰਵਾਈ ਉੱਤੇ ਸੀਐੱਮ ਮਾਨ ਦਾ ਬਿਆਨ: ਦੱਸ ਦਈਏ ਪੂਰੇ ਮਾਲੇ ਉੱਤੇ ਸੀਐੱਮ ਭਗਵੰਤ ਮਾਨ ਦਾ ਪਹਿਲਾ ਬਿਆਨ ਵੀ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਲੈਕੇ ਪੰਜਾਬ ਵਿੱਚ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਬਹੁਤ ਹੀ ਪਰੇਸ਼ਾਨ ਸਨ ਅਤੇ ਉਹ ਖੁੱਦ ਇਸ ਘਟਨਾਕ੍ਰਮ ਨੂੰ ਰੋਕਣ ਲਈ ਵਾਰ-ਵਾਰ ਕਹਿ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਅਤੇ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ਤੋਂ ਪੰਜਾਬ ਦੇ ਲੋਕ ਖੁਸ਼ ਨੇ ਅਤੇ ਸਰਕਾਰ ਦਾ ਸਾਥ ਦੇ ਰਹੇ ਨੇ ।