ਮੋਹਾਲੀ: ਪੰਜਾਬ ਦੇ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਨਾਗਰਿਕ ਲੋਕ-ਪੱਖੀ ਪਹੁੰਚ ਤਹਿਤ ਹੁਣ ਅਸਾਨੀ ਨਾਲ ਪੁਲਿਸ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਕਿਉਂ ਜੋ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਪੁਲਿਸ ਥਾਣਿਆਂ ਦੇ ਨੇੜਲੇ ਸਮੁੱਚੇ ਸਾਂਝ ਕੇਂਦਰਾਂ ਵਿੱਚ ‘ਸਾਂਝ ਸ਼ਕਤੀ ਹੈਲਪ-ਡੈਸਕ’ ਸਥਾਪਤ ਕੀਤੇ ਗਏ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਐਸ.ਏ.ਐਸ. ਨਗਰ ਵਿਖੇ ਪੁਲਿਸ ਸਟੇਸ਼ਨ ਫੇਜ਼-11 ਦੀ ਇਮਾਰਤ ਅਤੇ ਸਾਂਝ ਕੇਂਦਰ ਵਿਖੇ ਨਵੇਂ 'ਸਾਂਝ ਸ਼ਕਤੀ ਹੈਲਪ ਡੈਸਕ' ਸਮੇਤ ਕਈ ਵੱਕਾਰੀ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਲਈ ਸੁਰੱਖਿਅਤ ਅਤੇ ਢੁੱਕਵਾਂ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਬਿਨਾਂ ਕਿਸੇ ਝਿਜਕ ਦੇ ਪੁਲਿਸ ਨਾਲ ਸਾਂਝਾ ਕਰ ਸਕਣ।
ਇਹ ਵੀ ਪੜੋ: ਕਿਸਾਨਾਂ ਵੱਲੋਂ ਧਰਨਾ ਚੁੱਕਣ ਤੋਂ ਯਾਤਰੀ ਖ਼ੁਸ਼
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਵਾਂ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਪੰਜਾਬ ਪੁਲਿਸ ਦੀ ਸਾਂਝ ਸ਼ਕਤੀ ਹੈਲਪਡੈਸਕ ਅਤੇ '181' ਗੈਰ-ਐਮਰਜੈਂਸੀ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਸੀ। ਡੀਜੀਪੀ ਨੇ ਰੂਰਲ ਸੀਸੀਟੀਵੀ ਪ੍ਰੋਜੈਕਟ ਦਾ ਵਰਚੁਅਲ ਤੌਰ ‘ਤੇ ਉਦਘਾਟਨ ਵੀ ਕੀਤਾ ਜਿਸ ਤਹਿਤ ਜ਼ਿਲ੍ਹੇ ਦੇ ਪੇਂਡੂ ਖੇਤਰ ਵਿੱਚ ਮਹੱਤਵਪੂਰਨ ਰਣਨੀਤਕ ਥਾਵਾਂ ‘ਤੇ ਅਪਰਾਧ ਦੀ ਪਛਾਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ 1 ਕਰੋੜ ਰੁਪਏ ਦੀ ਲਾਗਤ ਨਾਲ 154 ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਇਨ੍ਹਾਂ ਪ੍ਰਾਜੈਕਟਾਂ ਦੇ ਉਦਘਾਟਨ ਉਪਰੰਤ ਡੀਜੀਪੀ ਗੁਪਤਾ ਨੇ 14 ਪੁਲਿਸ ਅਧਿਕਾਰੀਆਂ, ਜਿਨ੍ਹਾਂ ਨੇ ਪੰਜਾਬ ਪੁਲਿਸ ਮਹਿਲਾ ਮਿੱਤਰ (ਪੀਪੀਐਮ) ਪੋਰਟਲ ‘ਤੇ ਵੱਧ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਹਨ, ਨੂੰ ਪ੍ਰਸੰਸਾ ਪੱਤਰ ਸੌਂਪੇ। ਉਨ੍ਹਾਂ ਇਸ ਦੌਰਾਨ 7 ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਖੇਡਾਂ ਅਤੇ ਵਿੱਦਿਅਕ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਸਹਾਇਕ ਸਟਾਫ ਨੂੰ ਵਧੀਆਂ ਸੇਵਾਵਾਂ ਨਿਭਾਉਣ ਲਈ ਵੀ ਸਨਮਾਨਿਤ ਕੀਤਾ ਗਿਆ।
ਡੀਜੀਪੀ ਦਿਨਕਰ ਗੁਪਤਾ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਏਕੜ ਜ਼ਮੀਨ ਵਿੱਚ ਸਥਾਪਤ ਨਵੇਂ ਥਾਣੇ ਦੀ ਇਮਾਰਤ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਦੋ ਮੰਜ਼ਲਾ ਥਾਣੇ ਵਿੱਚ ਗਰਾਉਂਡ ਫਲੋਰ 'ਤੇ ਐਸਐਚਓ ਰੂਮ, ਮੁਨਸ਼ੀ ਰੂਮ, ਲਾੱਕ ਅਪਸ, ਆਰਮਰੀ, ਮਾਲਖਾਨਾ ਅਤੇ ਆਮ ਲੋਕਾਂ ਲਈ ਵੇਟਿੰਗ ਏਰੀਆ ਜਦਕਿ ਪਹਿਲੀ ਮੰਜ਼ਿਲ' ਤੇ ਡਾਈਨਿੰਗ/ਰਸੋਈ ਦੀ ਸਹੂਲਤ ਤੋਂ ਇਲਾਵਾ ਐਨ.ਜੀ.ਓਜ਼ ਦੇ ਬੈਰਕ ਸਮੇਤ ਆਈ.ਓਜ਼ ਦੇ ਕਮਰੇ ਤੇ ਰਿਹਾਇਸ਼ੀ ਖੇਤਰ ਵੀ ਹਨ।
ਇਹ ਵੀ ਪੜੋ: ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਪੰਜਾਬ ਸਰਕਾਰ ਨੇ ਸਕੂਲ ਕੀਤੇ ਬੰਦ