ਜ਼ੀਰਕਪੁਰ: ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਹੈ ਅਤੇ ਕਈ ਮੁਲਕ ਅਜਿਹੇ ਹਨ, ਜਿੰਨ੍ਹਾਂ ਨੇ ਆਪਣੇ ਮੁਲਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਰੱਖਿਆ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਥੋਂ ਹਰ ਸਾਲ ਹਜ਼ਾਰਾਂ ਬੱਚੇ ਵਿਦੇਸ਼ਾਂ ਵਿੱਚ ਪੜਨ ਲਈ ਅਤੇ ਚੰਗੀ ਜ਼ਿੰਦਗੀ ਭਾਲ ਵਿੱਚ ਜਾਂਦੇ ਹਨ।
ਬੱਚੇ ਜਦੋਂ ਆਪਣੇ ਮਾਪਿਆਂ ਕੋਲ ਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣਾ ਖਿਆਲ ਰੱਖਣ ਦੀ ਕੋਈ ਜ਼ਿਆਦਾ ਚਿੰਤਾ ਨਹੀਂ, ਪਰ ਹੁਣ ਕੋਰੋਨਾ ਵਾਇਰਸ ਕਰ ਕੇ ਜਿਹੜੇ ਮਾਪਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਗਏ ਹੋਏ ਹਨ, ਉਨ੍ਹਾਂ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਵੀ ਬਣ ਗਿਆ।
ਈਟੀਵੀ ਭਾਰਤ ਨੇ ਉਨ੍ਹਾਂ ਮਾਪਿਆਂ ਨਾਲ ਖ਼ਾਸ ਗੱਲਬਾਤ ਕੀਤੀ, ਜਿੰਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਲਈ ਗਏ ਹੋਏ ਹਨ।
ਜ਼ੀਰਕਪੁਰ ਦੇ ਰਹਿਣ ਵਾਲੇ ਨਾਗਪਾਲ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਰਜੁਨ ਸਤੰਬਰ ਮਹੀਨੇ ਕੈਨੇਡਾ ਵਿਖੇ ਪੜ੍ਹਨ ਲਈ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਾਨੂੰ ਵੀ ਚਿੰਤਾ ਸਤਾਉਂਦੀ ਹੈ ਕਿ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਫੈਲ ਚੁੱਕਿਆ ਹੈ ਤੇ ਉਨ੍ਹਾਂ ਦਾ ਮੁੰਡਾ ਉਨ੍ਹਾਂ ਤੋਂ ਦੂਰ ਕੈਨੇਡਾ ਵਿੱਚ ਹੈ। ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਦੋ-ਤਿੰਨ ਵਾਰੀ ਅਰਜੁਨ ਨਾਲ ਗੱਲ ਕਰਦੇ ਹਨ ਅਤੇ ਉਸ ਨੂੰ ਸਮਝਾਉਂਦੇ ਹਨ।
ਉਸ ਨੂੰ ਬਾਹਰ ਨਾ ਜਾਣ ਦੀ, ਘਰ ਬੈਠ ਕੇ ਹੀ ਕੰਮ ਅਤੇ ਪੜ੍ਹਨਾ ਹੈ ਅਤੇ ਬਿਨ੍ਹਾਂ ਕਿਸੇ ਦੇ ਘਰੋਂ ਬਾਹਰ ਨਹੀਂ ਨਿਕਲਣਾ ਆਦਿ ਨਸੀਹਤਾਂ ਦਿੰਦੇ ਹਨ। ਸਭ ਤੋਂ ਵੱਡੀ ਗੱਲ ਕਿ ਸਮਾਜਿਕ ਦੂਰੀ ਰੱਖਣੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਜ਼ਿਆਦਾ ਭਾਵੁਕ ਨਾ ਹੋਣ ਲਈ ਵੀ ਸਮਝਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟਾ ਜਦੋਂ ਕਿਤੇ ਵੀ ਬਾਹਰ ਜਾਂਦਾ ਹੈ ਤਾਂ ਮਾਸਕ ਪਹਿਨ ਕੇ ਬਾਹਰ ਜਾਂਦਾ ਹੈ।