ਮਾਨਸਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦਾ ਦੌਰਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਸਰਕਾਰੀ ਹਸਪਤਾਲ ਵਿਖੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ, ਉੱਥੇ ਹੀ ਜ਼ਿਲ੍ਹਾ ਕਚਹਿਰੀ ਦੇ ਵਿੱਚ ਉਨ੍ਹਾਂ ਵੱਲੋਂ ਦੌਰਾ ਵੀ ਕੀਤਾ ਗਿਆ ਅਤੇ ਇਸ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ।
ਡਾਕਟਰਾਂ ਦੀ ਕਮੀ ਨੂੰ ਵੀ ਜਲਦ ਹੀ ਸਰਕਾਰ ਵੱਲੋਂ ਕੀਤਾ ਜਾਵੇਗਾ ਪੂਰਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਅਚਨਚੇਤ ਦੌਰਾ ਨਹੀਂ ਬਲਕਿ ਉਹ ਰੂਟੀਨ ਦੇ ਵਿੱਚ ਹੀ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਜਿੱਥੇ ਡਾਕਟਰਾਂ ਦੀ ਵੱਡੀ ਕਮੀ ਹੈ, ਉੱਥੇ ਹੀ ਜ਼ਿਲ੍ਹਾ ਕਚਹਿਰੀ ਦੇ ਵਿੱਚ ਵੀ ਕਰਮਚਾਰੀਆਂ ਦੀ ਘਾਟ ਹੈ ਅਤੇ ਪੱਕੇ ਤੌਰ 'ਤੇ ਤਹਿਸੀਲਦਾਰ ਦੀ ਤੈਨਾਤੀ ਵੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਸਰਦੂਲਗੜ੍ਹ ਦੇ ਵਿੱਚ ਤਹਿਸੀਲਦਾਰ ਦੀ ਪੱਕੀ ਤੈਨਾਤੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਾਕਟਰਾਂ ਦੀ ਕਮੀ ਨੂੰ ਵੀ ਜਲਦ ਹੀ ਸਰਕਾਰ ਵੱਲੋਂ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੇ ਲਈ ਸਰਕਾਰ ਕੋਲ ਬਜਟ ਹੈ ਅਤੇ ਜਲਦ ਹੀ ਇਨ੍ਹਾਂ ਸੜਕਾਂ ਦੀ ਹਾਲਤ ਵੀ ਸੁਧਾਰ ਦਿੱਤੀ ਜਾਵੇਗੀ।
ਰੁਜ਼ਗਾਰ ਸ਼ੁਰੂ ਕਰਨ ਦੇ ਸਰਕਾਰ ਵੱਲੋਂ ਮੌਕੇ ਪ੍ਰਦਾਨ ਕਰਵਾਏ ਜਾਣਗੇ
ਇਸ ਦੌਰਾਨ ਉਨ੍ਹਾਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜਵਾਨ ਨਿਰਾਸ਼ ਨਾ ਹੋਣ ਅਤੇ ਇਨ੍ਹਾਂ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਸ਼ੁਰੂ ਕਰਨ ਦੇ ਸਰਕਾਰ ਵੱਲੋਂ ਮੌਕੇ ਪ੍ਰਦਾਨ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਨੌਜਵਾਨ ਵਿਦੇਸ਼ਾਂ ਤੋਂ ਵਾਪਿਸ ਆਏ ਹਨ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਰੁਜ਼ਗਾਰ ਸ਼ੁਰੂ ਕੀਤੇ ਹੋਏ ਹਨ। ਜਿੱਥੇ ਕਈ ਹੋਰ ਨੌਜਵਾਨਾਂ ਨੂੰ ਵੀ ਉਨ੍ਹਾਂ ਵੱਲੋਂ ਰੁਜ਼ਗਾਰ ਦਿੱਤਾ ਗਿਆ ਹੈ।