ਅੰਮ੍ਰਿਤਸਰ : ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਚੀਫ਼ ਖ਼ਾਲਸਾ ਦੀਵਾਨ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮਾ ਪੰਜ ਸਿੰਘ ਸਾਹਿਬਾਨ ਦੀ ਆਪਸੀ ਸਲਾਹ ਸੀ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸੀ। ਕਿਸੇ ਇੱਕ ਜਥੇਦਾਰ ਦੀ ਇਸ ਵਿੱਚ ਕੋਈ ਰਾਏ ਨਹੀਂ ਸੀ।
ਅੰਮ੍ਰਿਤਸਰ ਦੇ ਸਥਾਨਕ ਚੀਫ਼ ਖ਼ਾਲਸਾ ਦੀਵਾਨ ਦੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤਾ ਗਿਆ ਅਸਤੀਫ਼ਾ ਮੰਦਭਾਗਾ ਹੈ। ਮੇਰੇ ਮੁਤਾਬਿਕ ਧਾਮੀ ਸਾਬ੍ਹ ਨੂੰ ਇਸ ਤਰ੍ਹਾਂ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ। ਜੇਕਰ ਕੋਈ ਸਮੱਸਿਆ ਸੀ ਤਾਂ ਉਸ ਦਾ ਜੋਰਦਾਰ ਢੰਗ ਦੇ ਨਾਲ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਸੀ। ਇਸੇ ਦੌਰਾਨ ਉਨ੍ਹਾਂ ਨੇ ਉਦਾਰਹਨ ਦਿੱਤੀ ਕਿ ਜਿਸ ਤਰ੍ਹਾਂ ਜਹਾਜ਼ ਵਿੱਚ ਬੈਠੀਆਂ ਸਵਾਰੀਆਂ ਨੂੰ ਜਹਾਜ਼ ਦੇ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਇਹ ਸਾਨੂੰ ਮੰਜ਼ਿਲ ਤੱਕ ਲੈ ਕੇ ਜਾਵੇਗਾ ਪਰ ਜੇਕਰ ਕਪਤਾਨ ਅੱਧ ਵਿਚਕਾਰ ਛੱਡ ਦੇਵੇਂ ਤਾਂ ਇਸ ਨਾਲ ਸਵਾਰੀਆਂ ਦੀ ਉਮੀਦ ਟੁੱਟਦੀ ਹੈ। ਮੈਨੂੰ ਬਹੁਤ ਦੁੱਖ ਹੋਇਆ ਉਨ੍ਹਾਂ ਦੇ ਅਸਤੀਫੇ ਬਾਰੇ ਸੁਣ ਕੇ ਕਿਉਂਕਿ ਉਹ ਚੰਗੀ ਪ੍ਰਸਨੈਲਿਟੀ ਅਤੇ ਚੰਗੇ ਸਖਸ਼ੀਅਤ ਦੇ ਮਾਲਕ ਸਨ, ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਬਜਾਏ ਸਮੱਸਿਆਵਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਹਰਜਿੰਦਰ ਸਿੰਘ ਧਾਮੀ ਬਾਰੇ ਕਿਹਾ ਕਿ ਉਨ੍ਹਾਂ 'ਤੇ ਕਾਫੀ ਦਬਾਅ ਸੀ ਪਰ ਉਨ੍ਹਾਂ ਨੂੰ ਉਹ ਦਬਾਅ ਝੱਲਣਾ ਚਾਹੀਦਾ ਸੀ ਤੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਸੀ। ਧਾਮੀ ਸਾਬ੍ਹ ਇਕ ਬਹੁਤ ਸ਼ਰੀਫ ਸੁਭਾਅ ਦੇ ਮਾਲਕ ਹਨ ਅਤੇ ਮੈਂ ਜਿੰਨਾਂ ਸਮਾਂ ਉਨ੍ਹਾਂ ਦੇ ਨਾਲ ਰਿਹਾ ਹਾਂ, ਉਨ੍ਹਾਂ ਦੇ ਅੰਦਰ ਐਸਜੀਪੀਸੀ ਨੂੰ ਲੈ ਕੇ ਦਰਦ ਦੇਖਿਆ ਹੈ। ਇਸ ਕਰਕੇ ਉਨ੍ਹਾਂ ਦੇ ਅਸਤੀਫ਼ਾ ਦੇਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਮਨਜੂਰ ਨਹੀਂ ਹੋਵੇਗਾ, ਉਹ ਬਹੁਤ ਜਲਦੀ ਹੀ ਦੁਬਾਰਾ ਆਉਣਗੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਬਚਾਉਣ ਲਈ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਹੈ।
ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵੱਲੋਂ ਕਮਾਨ ਸੰਭਾਲਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੇ ਬਹੁਤ ਹੀ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ 'ਤੇ ਕੰਮ ਕੀਤਾ ਹੈ। ਉਨ੍ਹਾਂ ਦੇ ਕਾਰਨ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾੜ ਪਿਆ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਰੂਕਸ਼ੇਤਰ ਵਿੱਚ ਰਘੂਜੀਤ ਸਿੰਘ ਵਿਰਕ ਦਾ ਬੁੱਤ ਲਗਾਉਣਾ ਚਾਹੀਦਾ ਹੈ। ਸਾਬਕਾ ਜਥੇਦਾਰ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਰਘੂਜੀਤ ਸਿੰਘ ਵਿਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸਿੱਖਾਂ ਦਾ ਇੰਨਾਂ ਵੱਡਾ ਅਦਾਰਾ ਹੈ ਉਸ ਨੂੰ ਸੰਭਾਲ ਸਕਣਗੇ।
ਇਸ ਤੋਂ ਅੱਗੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਨੂੰ ਇੰਨਾ ਪਤਾ ਹੈ ਜੋ ਮੇਰੇ 'ਤੇ ਕਾਰਵਾਈ ਹੋਈ ਇਹ ਬਦਲਾਖੋਰੀ ਦੇ ਤਹਿਤ ਹੋਈ ਹੈ। ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪੱਸ਼ਟ ਤੌਰ 'ਤੇ ਲਿਖਿਆ ਹੋਇਆ ਹੈ, ਸਿੰਘ ਸਹਿਬਾਨ ਜੋ ਫੈਸਲਾ ਸੁਣਾਉਂਦੇ ਹਨ ਤੇ ਤਨਖਾਹ ਲਗਾਉਂਦੇ ਹਨ, ਉਸ ਨੂੰ ਪੂਰਾ ਕਰਨਾ ਹੀ ਹੁੰਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਤਨਖਾਹ ਲੱਗੀ, ਉਨ੍ਹਾਂ ਦੇ ਦਿਲਾਂ ਵਿੱਚ ਈਰਖਾ ਨਹੀਂ ਹੋਣੀ ਚਾਹੀਦੀ। ਮੈਂ ਆਪਣੇ ਬਾਰੇ ਦਾਅਵੇ ਨਾਲ ਕਹਿ ਸਕਦਾਂ ਹਾਂ ਕਿ ਜਿਸ ਵਕਤ 2 ਦਸੰਬਰ ਨੂੰ ਮੈਂ ਪੰਜ ਸਿੰਘ ਸਹਿਬਾਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ, ਮੇਰੇ ਮਨ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਪ੍ਰਤੀ ਕੋਈ ਈਰਖਾ ਨਹੀਂ ਸੀ। ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜਰ ਜਾਣ ਕੇ ਇਹ ਸ਼ਬਦ ਕਹਿੰਦਾ ਹਾਂ ਕਿ ਮੇਰੇ ਦਿਲ ਵਿੱਚ ਦਇਆ ਭਾਵ ਸੀ। ਪਰ ਜਿਹੜ੍ਹੇ ਸਾਹਮਣੇ ਤਨਖਾਹ ਲਵਾ ਰਹੇ ਸੀ, ਉਨ੍ਹਾਂ ਦਾ ਅੰਦਰ ਈਰਖਾ ਦੀ ਭਾਵਨਾ ਸੀ, ਜੋ ਪ੍ਰਗਟ ਹੋਇਆ।
ਜਦੋਂ ਗਿਆਨੀ ਹਰਪ੍ਰੀਤ ਕੋਲੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਤੁਹਾਡੇ ਉਪਰ ਕੋਈ ਜਾਂਚ ਕਮੇਟੀ ਬਿਠਾਈ ਸੀ ਤਾਂ ਉਸ 'ਤੇ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਵੇਂ ਤਾਂ ਮੈਂ ਰਘੂਜੀਤ ਸਿੰਘ 'ਤੇ ਇਲਜ਼ਾਮ ਲਗਾ ਦਿੰਦਾ ਹਾਂ ਕਿ ਰਘੂਜੀਤ ਨੇ ਘਪਲੇ ਕੀਤੇ ਹਨ, ਕੀ ਇਹ ਜਾਂਚ ਕਰਵਾਉਣਗੇ?