ਮੁਹਾਲੀ: ਪੰਜਾਬ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਤਾਂ ਕੀਤੀ ਹੀ ਜਾਂਦੀ ਹੈ, ਉੱਥੇ ਹੀ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਵੀ ਪੂਰੇ ਬੁਲੰਦ ਹਨ। ਮਾਮਲਾ ਮੁਹਾਲੀ ਸਥਿਤ ਕੁਰਾਲੀ ਦਾ ਹੈ ਜਿੱਥੇ ਗ਼ੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਚੱਲ ਰਹੀ ਸੀ ਜਿਸ ਦੀ ਜਾਣਕਾਰੀ ਜਦੋਂ ਪਿੰਡ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਮਾਈਨਿੰਗ ਦੀਆਂ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ। ਮਾਈਨਿੰਗ ਮਾਫੀਆਂ ਵੱਲੋਂ ਪਿੰਡ ਵਾਸੀਆਂ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ 2 ਪਿੰਡਵਾਸੀ ਗੰਭੀਰ ਜ਼ਖਮੀ ਵੀ ਹੋ ਗਏ।
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੂੰ ਇੱਥੇ ਸਭ ਪਤਾ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਮਾਈਨਿੰਗ ਰੋਕਣ ਗਏ ਮਾਫੀਆਂ ਵਲੋਂ ਉਨ੍ਹਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ ਗਿਆ। ਮੁਲਜ਼ਮ ਮਾਈਨਿੰਗ ਮਾਫੀਆਂ ਦੇ ਲੋਕ ਮੌਕੇ ਉੱਤੇ ਫ਼ਰਾਰ ਹੋ ਗਏ। ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ 16 ਸੈਕਟਰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।
ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਸਰਕਾਰ ਦੇ ਉੱਪਰ ਤੀਖ਼ੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨੇ ਤੋਂ ਮਾਈਨਿੰਗ ਲੱਗਭਗ ਬੰਦ ਸੀ, ਪਰ ਇੱਕਦਮ ਮੁੜ ਚਾਲੂ ਹੋ ਗਈ ਹੈ। ਇਸ ਦੇ ਚੱਲਦੇ ਸ਼ਨੀਵਾਰ ਨੂੰ ਸਵੇਰੇ ਇਕ ਪਿੰਡ ਵਾਸੀ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਨਾਜਾਇਜ਼ ਮਾਈਨਿੰਗ ਕਰ ਰਹੀਆਂ ਗੱਡੀਆਂ ਨੂੰ ਰੋਕਿਆ ਹੈ।
ਸੰਧੂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਨ ਅਤੇ ਉਹ ਆਪ ਵੀ ਥੋੜ੍ਹੀ ਦੇਰ ਵਿੱਚ ਉੱਥੇ ਪਹੁੰਚ ਰਹੇ ਹਨ। ਸੰਧੂ ਨੇ ਕਿਹਾ ਕਿ ਫਿਰ ਪਿੰਡ ਵਾਸੀਆਂ ਦਾ ਉਨ੍ਹਾਂ ਨੂੰ ਮੁੜ ਫ਼ੋਨ ਆਇਆ ਤੇ ਉਨ੍ਹਾਂ ਨੂੰ ਦੱਸਿਆ ਕਿ ਮਾਈਨਿੰਗ ਮਾਫੀਆਂ ਵਲੋਂ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ ਹੈ ਅਤੇ 2 ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਦਾ ਮਾਣ ਵਧਾਉਣ ਵਾਲਾ 19 ਸਾਲਾ ਸ਼ਹੀਦ 'ਕਰਤਾਰ ਸਿੰਘ ਸਰਾਭਾ'
ਕੰਵਰ ਸੰਧੂ ਨੇ ਪ੍ਰਸ਼ਾਸਨ ਉੱਪਰ ਵੱਡੇ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਮਿਲੀਭਗਤ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨ ਹੀ ਗ਼ਲਤ ਦਰਜ ਕੀਤੇ ਹਨ।