ਰੂਪਨਗਰ: ਕਰੋਨਾ ਮਹਾਂਮਾਰੀ ਦੇ ਚੱਲਦੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ 7 ਹਜ਼ਾਰ ਤੋਂ ਵੀ ਵੱਧ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੇ ਨੌਕਰੀ ਵਾਸਤੇ ਜ਼ਿਲ੍ਹਾ ਰੁਜ਼ਗਾਰ ਬਿਊਰੋ ਅਤੇ ਕਾਰੋਬਾਰ ਦਫ਼ਤਰ ਦੇ ਵਿੱਚ ਰਜਿਸਟਰ ਕਰਵਾਇਆ ਹੈ।
ਕੈਪਟਨ ਅਮਰਿੰਦਰ ਦੇ ਮਿਸ਼ਨ ਘਰ ਘਰ ਰੁਜ਼ਗਾਰ ਦੇ ਅਧੀਨ ਜ਼ਿਲ੍ਹਾ ਕਾਰੋਬਾਰ ਅਤੇ ਰੋਜ਼ਗਾਰ ਬਿਊਰੋ ਵੱਲੋਂ ਇਸ ਅਧੀਨ ਬੇਰੁਜ਼ਗਾਰਾਂ ਵਾਸਤੇ ਇੱਕ ਵੈੱਬਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਨਲਾਈਨ ਮਾਧਿਅਮ ਰਾਹੀਂ ਬੇਰੁਜ਼ਗਾਰ ਲੜਕੇ ਲੜਕੀਆਂ ਨੇ ਹਿੱਸਾ ਲਿਆ।
ਇਸ ਵੈੱਬਨਾਰ ਦੇ ਵਿੱਚ ਮਾਹਿਰਾਂ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਨੌਕਰੀਆਂ ਸਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਇੰਟਰਵਿਊ ਦੇਣ ਬਾਰੇ ਅਤੇ ਉਨ੍ਹਾਂ ਦੇ ਬੋਲਚਾਲ ਪਹਿਰਾਵੇ ਬਾਰੇ ਵੀ ਟਿਪਸ ਦਿੱਤੇ ਗਏ।
ਜ਼ਿਲ੍ਹਾ ਕਾਰੋਬਾਰ ਅਤੇ ਰੁਜ਼ਗਾਰ ਦਫ਼ਤਰ ਦੇ ਅਧਿਕਾਰੀ ਰਵਿੰਦਰ ਪਾਲ ਨੇ ਈਟੀਵੀ ਭਾਰਤ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦੇ ਅਨਲੌਕ ਦੇ ਦੌਰਾਨ ਹੁਣ ਘਰ ਬੈਠੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਵੱਖ ਵੱਖ ਖੇਤਰਾਂ ਦੇ ਵਿਚ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਉਨ੍ਹਾਂ ਨੂੰ ਜ਼ਰੂਰੀ ਅਤੇ ਤਕਨੀਕੀ ਮਦਦ ਵਾਸਤੇ ਇਹ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਵੱਖ-ਵੱਖ ਨੌਕਰੀਆਂ ਦੇ ਵਿੱਚ ਇੰਟਰਵਿਊ ਦੇ ਦੌਰਾਨ ਗੱਲਬਾਤ ਕਰਨ ਅਤੇ ਹੋਰ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਵੈੱਬਨਾਰ ਦੇ ਵਿੱਚ ਬੇਰੁਜ਼ਗਾਰਾਂ ਵੱਲੋਂ ਵੀ ਵੱਖ ਵੱਖ ਪਹਿਲੂਆਂ ਤੇ ਸਵਾਲ ਜਵਾਬ ਕੀਤੇ ਗਏ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਸਹੀ ਜਵਾਬ ਦੇਣ ਦਾ ਯਤਨ ਵੀ ਕੀਤੇ ਗਏ ਰਵਿੰਦਰ ਪਾਲ ਨੇ ਦੱਸਿਆ ਕਿ ਨੌਜਵਾਨਾਂ ਵਾਸਤੇ ਸਰਕਾਰੀ ਨੌਕਰੀਆਂ ਇਸ ਵੇਲੇ ਬੈਂਕਿੰਗ ਸੈਕਟਰ ਇੰਸ਼ੋਰੈਂਸ ਸੈਕਟਰ ਦੇ ਵਿੱਚ ਉਪਲੱਬਧ ਹਨ ਅਤੇ ਇਨ੍ਹਾਂ ਨੌਕਰੀਆਂ ਸਬੰਧੀ ਨੌਜਵਾਨਾਂ ਨੂੰ ਇਸ ਵੈਬੀਨਾਰ ਦੇ ਜ਼ਰੀਏ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਤੇ ਵੈਬਨਾਰ ਦੇ ਜ਼ਰੀਏ ਨੌਜਵਾਨਾਂ ਨੂੰ ਨੌਕਰੀਆਂ ਪ੍ਰਾਪਤ ਕਰਨ ਨੂੰ ਵਾਸਤੇ ਇੰਟਰਵਿਊ ਕਿਵੇਂ ਦੇਣੀ ਹੈ ਇਸ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।