ਰੂਪਨਗਰ: ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੇ ਅਧਿਆਪਕਾਂ ਵਲੋਂ ਸੂਬਾ ਸਰਕਾਰ ਵਿਰੁੱਧ ਹੱਲਾ ਬੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ਤਹਿਤ ਬੀਤੇ ਦਿਨ ਖ਼ਾਲਸਾ ਗਰਲਜ਼ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵਲੋਂ ਕਾਲਜ ਦਾ ਗੇਟ ਬੰਦ ਕਰਕੇ 10 ਤੋਂ 2 ਵਜੇ ਤੱਕ ਮੁਕੰਮਲ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ 7ਵੇਂ ਤਨਖਾਹ ਕਮਿਸ਼ਨ ਦੀ ਧਾਰਾ ਅਤੇ ਜੋ ਪ੍ਰਸਥਿਤੀਆਂ ਪੈਦਾ ਕੀਤੀਆਂ ਗਈਆਂ ਹਨ ਉਸ ਦੇ ਖਿਲਾਫ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Bhagwant Mann Visit Hyderabad: ਤੇਲੰਗਾਨਾ ਦੇ ਸਿੰਚਾਈ ਸੁਧਾਰਾਂ ਦਾ ਅਧਿਐਨ ਕਰਨ ਲਈ ਹੈਦਰਾਬਾਦ ਪਹੁੰਚੇ ਸੀਐਮ ਮਾਨ
ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਸਹਾਇਕ ਪ੍ਰੋਫੈਸਰ ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ 7ਵੇਂ ਤਨਖਾਹ ਕਮਿਸ਼ਨ ਵਿੱਚ ਏਡਿਡ ਕਾਲਜਾਂ ਦੇ ਅਧਿਆਪਕਾਂ ਦੀ ਸੇਵਾਮੁਕਤੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਗਈ ਹੈ। ਜਿਸ ਕਾਰਨ ਏਡਿਡ ਕਾਲਜਾਂ ਦੇ ਅਧਿਆਪਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉੱਚੇਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਵਿੱਚ ਸੋਧ ਕਰਨਾ ਚਾਹੀਦਾ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਧਿਆਪਕ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਵੀ ਤੇਜ ਕਰਨ ਲਈ ਮਜਬੂਰ ਹੋਣਗੇ। ਕਿਓਂਕਿ ਇਹ ਪੰਜਾਬ ਦੀ 'ਆਪ' ਸਰਕਾਰ ਦਾ ਬਹੁਤ ਹੀ ਨਿੰਦਣਯੋਗ ਕਾਰਜ ਹੈ।
ਏਡਿਡ ਕਾਲਜਾਂ ਦੇ ਅਧਿਆਪਕ: ਅਧਿਆਪਿਕਾਂ ਨੇ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਪੀ ਸੀ ਸੀ ਟੀ ਯੂ ਵਲੋਂ ਸਰਕਾਰ ਦੇ ਨੁਮਾਇੰਦਿਆਂ ਨਾਲ ਰਾਬਤਾ ਵੀ ਕਾਇਮ ਕੀਤਾ ਗਿਆ ਪਰ ਸਰਕਾਰ ਵਲੋਂ ਆਪਣਾ ਫੈਸਲਾ ਨਹੀਂ ਬਦਲਿਆ ਗਿਆ।ਜਿਸ ਕਰਕੇ ਏਡਿਡ ਕਾਲਜਾਂ ਦੇ ਅਧਿਆਪਕ ਹੜਤਾਲਾਂ ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਰਹੇ ਹਨ।ਭਗਵੰਤ ਮਾਨ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਇਸ ਨੋਟੀਫਿਕੇਸ਼ਨ ਵਿੱਚ ਬਣਦੀ ਦੁਰੱਸਤੀ ਕਰਦਿਆਂ ਸਹੀ ਅਰਥਾਂ ਵਿਚ ਉਚੇਰੀ ਸਿੱਖਿਆ ਨੂੰ ਉੱਚਾ ਚੁੱਕਣ ਦਾ ਸਬੂਤ ਦੇਵੇ। ਜੇਕਰ ਸਰਕਾਰ ਨੇ ਏਡਿਡ ਕਾਲਜਾਂ ਦੇ ਅਧਿਆਪਕਾਂ ਪ੍ਰਤੀ ਆਪਣਾ ਇਹ ਰੁੱਖਾ ਵਤੀਰਾ ਨਾ ਬਦਲਿਆ ਤਾਂ ਇਸਦਾ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾਰੂ ਪ੍ਰਭਾਵ ਪਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਆਪਣਾ ਇਹ ਫੈਸਲਾ ਤੁਰੰਤ ਬਦਲਣਾ ਚਾਹੀਦਾ ਹੈ।