ਰੂਪਨਗਰ: 9 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਸਿਆਸੀ ਕਾਨਫ਼ਰੰਸ ਕਰਨ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਹੰਗਾਮੀ ਮੀਟਿੰਗ ਗੁਰਦੁਆਰਾ ਸ੍ਰੀ ਭੱਠਾ ਸਾਹਿਬ (ਰੂਪਨਗਰ) ਵਿਖੇ ਹੋਈ।
ਇਸ ਮੀਟਿੰਗ ਦੀ ਪ੍ਰਧਾਨਗੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਸੀਨੀਅਰ ਅਕਾਲੀ ਲੀਡਰ ਹੀਰਾ ਸਿੰਘ ਗਾਬੜੀਆਂ ਨੇ ਕੀਤੀ, ਜਿਸ ਵਿੱਚ ਇਲਾਕੇ ਦੇ ਅਕਾਲੀ ਵਰਕਰ ਮੌਜੂਦ ਸਨ।
ਇਸ ਮੀਟਿੰਗ ਦੇ ਵਿੱਚ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਦੀਆਂ ਹੋਲੇ ਮੁਹੱਲੇ 'ਤੇ ਹੋਣ ਵਾਲੀ ਸਿਆਸੀ ਕਾਨਫ਼ਰੰਸ ਸਬੰਧੀ ਡਿਊਟੀਆਂ ਲਗਾਈਆਂ ਗਈਆਂ।
ਇਸ ਦੌਰਾਨ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਹੋਲੇ ਮਹੱਲੇ ਨੂੰ ਲੈ ਕੇ ਮੀਟਿੰਗ ਕੀਤੀ ਹੈ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਲੇ ਮੁਹੱਲੇ 'ਤੇ ਪਾਰਟੀ ਦੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਦਿੱਗਜ ਆਗੂ ਤੇ ਨੇਤਾ ਇਸ ਕਾਨਫਰੰਸ ਵਿੱਚ ਮੌਜੂਦ ਰਹਿਣਗੇ।
ਹੋਲੇ ਮਹੱਲੇ 'ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਪਹੁੰਚਦੇ ਹਨ ਇਸ ਮੌਕੇ ਸਿਆਸੀ ਪਾਰਟੀਆਂ ਸ਼ਰਧਾਲੂਆਂ ਨੂੰ ਆਪਣੀ ਪਾਰਟੀ ਦੇ ਏਜੰਡੇ ਅਤੇ ਪ੍ਰਾਪਤੀਆਂ ਦੱਸਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਇਸ ਵਾਰ ਕਾਂਗਰਸ ਹੋਲੇ ਮਹੱਲੇ ਉੱਤੇ ਕੋਈ ਸਿਆਸੀ ਕਾਨਫ਼ਰੰਸ ਨਹੀਂ ਕਰ ਰਿਹਾ ਹੈ।
ਇਹ ਵੀ ਜ਼ਿਕਰ ਕਰ ਦਈਏ ਕਿ ਇਸ ਵੇਲੇ ਅੱਧੀ ਦੁਨੀਆ ਵਿੱਚ ਕੋਰੋਨਾ ਵਾਇਰਸ ਫ਼ੈਲਿਆ ਹੋਇਆ ਹੈ। ਭਾਰਤ ਮੁਲਕ ਵਿੱਚ ਵੀ ਇਸ ਦੇ 30 ਮਰੀਜ਼ ਪਾਏ ਜਾ ਚੁੱਕੇ ਹਨ। ਹਾਲਾਂਕਿ ਪੰਜਾਬ ਅਜੇ ਤੱਕ ਇਸ ਵਾਇਰਸ ਦੇ ਖ਼ਤਰੇ ਤੋਂ ਆਜ਼ਾਦ ਹੈ ਪਰ ਡਾਕਟਰਾਂ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਜੇ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਭੀੜ ਭਰੇ ਇਲਾਕਿਆਂ ਵਿੱਚ ਨਾ ਜਾਇਆ ਜਾਵੇ। ਅਜਿਹੇ ਵਿੱਚ ਅਕਾਲੀਆਂ ਦੀ ਇਹ ਰੈਲੀ ਕਿਤੇ ਨਾ ਕਿਤੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਅਕਾਲੀਆਂ ਨੂੰ ਲੋਕਾਂ ਦੀ ਜਾਨ ਦੇ ਖ਼ਤਰੇ ਨੂੰ ਵੇਖਦੇ ਹੋਏ ਅਜਿਹੀਆਂ ਰੈਲੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅਕਾਲੀਆਂ ਦੀ ਭਾਈਵਾਲ ਪਾਰਟੀ ਪਹਿਲਾਂ ਹੀ ਇਹ ਕਹਿ ਚੁੱਕੀ ਹੈ ਕਿ ਹੋਲੀ ਦਾ ਤਿਉਹਾਰ ਨਹੀਂ ਮਨਾਉਣਗੇ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਤੋਂ ਦੂਰੀ ਬਣਾ ਕੇ ਰੱਖਣ।