ਰੂਪਨਗਰ: ਪੰਜਾਬ ਵਿੱਚ ਇੱਕ ਪਾਸੇ ਕੋਰੋਨਾ ਦੀ ਮਹਾਂਮਾਰੀ ਤੇ ਦੂਜੇ ਪਾਸੇ ਗਰਮੀ ਦਾ ਕਹਿਰ, ਅਜਿਹੀ ਸਥਿਤੀ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਪੇਟ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਦੇਖੀ ਜਾਂਦੀ ਹੈ।
ਈਟੀਵੀ ਭਾਰਤ ਦੀ ਰੂਪਨਗਰ ਟੀਮ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਪੇਟ ਦੇ ਰੋਗਾਂ ਦੇ ਮਾਹਰ ਡਾ. ਲਵਲੀਨ ਕੋਲ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਦੌਰਾਨ ਡਾ. ਲਵਲੀਨ ਕੌਰ ਨੇ ਦੱਸਿਆ ਕਿ ਗਰਮੀਆਂ ਦੇ ਵਿੱਚ ਆਮ ਲੋਕਾਂ ਨੂੰ ਡਾਇਰੀਆ, ਪੇਟ ਖਰਾਬ ਹੋਣਾ, ਦਸਤ ਲੱਗਣਾ, ਉਲਟੀਆਂ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਸਭ ਤੋਂ ਵੱਧ ਆਉਂਦੀ ਹੈ ਅਤੇ ਪੇਟ ਦੇ ਵਿੱਚ ਪੱਥਰੀਆਂ ਵੀ ਹੋ ਜਾਂਦੀਆਂ ਹਨ।
ਉਨ੍ਹਾਂ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਉਹ ਘਰ ਦਾ ਖਾਣਾ ਹੀ ਖਾਣ, ਬਾਹਰ ਦੀ ਕੋਈ ਵੀ ਚੀਜ਼ ਜਾਂ ਜੰਕ ਫੂਡ ਬਿਲਕੁਲ ਵੀ ਨਾ ਖਾਣ। ਬੱਚੇ, ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਨੂੰ ਗਰਮੀਆਂ ਦੇ ਵਿੱਚ ਪਾਣੀ ਦਾ ਸੇਵਨ ਵੱਧ ਕਰਨ ਦੀ ਲੋੜ ਹੈ।
ਇਸ ਤੋਂ ਇਲਾਵਾ ਵਿਟਾਮਿਨ ਸੀ ਅਤੇ ਸਿਟਰਿਕ ਭੋਜਨ ਜ਼ਿਆਦਾ ਲੈਣ ਦੀ ਲੋੜ ਹੈ ਅਤੇ ਨਿੰਬੂ ਪਾਣੀ ਵੀ ਪੀਣਾ ਚਾਹੀਦਾ ਹੈ। ਨਾਲ ਹੀ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਲੋੜ ਹੈ।