ਰੂਪਨਗਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਅਤੇ ਜਨਤਾ ਨੂੰ ਰਾਹਤ ਦੇਣ ਦੇ ਮਕਸਦ ਨਾਲ ਸ਼ਹਿਰ ਵਿੱਚ ਰੋਸਟਰ ਬਣਾ ਕੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਰਾਹਤ ਵਿੱਚ ਵਾਧਾ ਕਰਦੇ ਹੋਏ ਹੁਣ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਅਧੀਨ ਰੂਪਨਗਰ ਵਿੱਚ ਦੁਕਾਨਾਂ ਵੀ ਖੁੱਲ੍ਹੀਆਂ।
ਬੀਤੇ ਦਿਨੀਂ ਈਟੀਵੀ ਭਾਰਤ ਨੇ ਵਪਾਰ ਮੰਡਲ ਦੇ ਪ੍ਰਧਾਨ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਸ਼ਹਿਰ ਵਿੱਚ ਮਾਰਕੀਟ ਕੰਪਲੈਕਸ ਦੀਆਂ ਦੁਕਾਨਾਂ ਖੋਲ੍ਹਣ ਦੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਸੀ। ਇਸ ਖਬਰ ਦਾ ਅਸਰ ਰੂਪਨਗਰ ਵਿੱਚ ਵੇਖਣ ਨੂੰ ਮਿਲਿਆ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਨਗਰ ਕੌਂਸਲ ਰੂਪਨਗਰ ਦੇ ਕਾਰਜਸਾਧਕ ਅਫ਼ਸਰ ਭਜਨ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਵਪਾਰ ਮੰਡਲ ਦੇ ਮੋਹਤਬਾਰ ਲੋਕਾਂ ਨਾਲ ਅਤੇ ਐਸਡੀਐਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ਮੌਜੂਦ ਮਾਰਕੀਟ ਕੰਪਲੈਕਸ ਦੀਆਂ ਦੁਕਾਨਾਂ ਖੋਲ੍ਹਣ ਨੂੰ ਰਾਹਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੁਕਾਨਦਾਰਾਂ ਦੀ ਲਿਸਟ ਬਣਾਈ ਜਾ ਰਹੀ ਹੈ ਜੋ ਜਲਦ ਹੀ ਜ਼ਿਲ੍ਹਾ ਐਸਡੀਐਮ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਪਰ, ਉਨ੍ਹਾਂ ਨੇ ਸਮੂਹ ਦੁਕਾਨਦਾਰ ਭਰਾਵਾਂ ਨੂੰ ਹਦਾਇਤ ਦਿੱਤੀ ਹੈ ਕਿ ਕਰਫ਼ਿਊ ਦੀ ਢਿੱਲ ਦੇ ਸਮੇਂ ਜੋ ਵੀ ਦੁਕਾਨ ਖੋਲ੍ਹਣ ਤਾਂ ਸਿਹਤ ਮਹਿਕਮੇ ਦੀਆਂ ਜ਼ਰੂਰੀ ਹਦਾਇਤਾਂ ਜਿਨ੍ਹਾਂ ਦੇ ਵਿੱਚ ਮਾਸਕ ਪਾਉਣਾ, ਸੈਨੇਟਾਈਜ਼ ਕਰਨਾ ਅਤੇ ਸਾਮਾਜਿਕ ਦੂਰੀ ਬਣਾਈ ਰੱਖਣ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ: ਰੂਸ ਦੀ ਸੱਭਿਆਚਾਰ ਮੰਤਰੀ ਵੀ ਹੋਈ ਕੋਰੋਨਾ ਵਾਇਰਸ ਨਾਲ ਗ੍ਰਸਤ