ਰੂਪਨਗਰ: ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਪੰਜਾਬ 'ਚ ਫਸੇ ਹੋਰਨਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਰੂਪਨਗਰ ਪ੍ਰਸ਼ਾਸਨ ਵੱਲੋਂ 57 ਕਸ਼ਮੀਰੀ ਲੋਕਾਂ ਨੂੰ ਸਪੈਸ਼ਲ ਬੱਸਾਂ ਰਾਹੀਂ ਉਨ੍ਹਾਂ ਦੇ ਘਰ ਭੇਜਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਤਾਲਾਬੰਦੀ ਕਾਰਨ ਫਸੇ ਹੋਏ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਰੂਪਨਗਰ ਪ੍ਰਸ਼ਾਸਨ ਵੱਲੋਂ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਸ਼ਨਾਖਤ ਕਰ, ਉਨ੍ਹਾਂ ਵਾਪਸ ਭੇਜਣ ਦੀ ਪ੍ਰਕੀਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੱਸਾਂ ਰਾਹੀਂ ਉਨ੍ਹਾਂ ਦੇ ਸੂਬਿਆ 'ਚ ਪਹੁੰਚਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੀ ਕੋਵਿਡ-19 ਦੀ ਥਰਮਲ ਸਕ੍ਰੀਨਿੰਗ ਕਰਕੇ ਤੇ ਉਨ੍ਹਾਂ ਦੇ ਖਾਣ-ਪੀਣ ਸਬੰਧੀ ਇੰਤਜ਼ਾਮ ਵੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 165 ਦੇ ਕਰੀਬ ਕਸ਼ਮੀਰੀਆਂ ਨੂੰ ਕਸ਼ਮੀਰ ਭੇਜੀਆ ਗਿਆ ਸੀ, ਇਸ ਦੌਰਾਨ ਸਮਾਜਿਕ ਦੂਰੀ, ਕੋਰੋਨਾਂ ਤੋਂ ਬਚਾਅ ਸਬੰਧੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲਦ ਹੀ ਬਿਹਾਰ ਦੇ ਲਈ ਵੀ ਵਿਸ਼ੇਸ਼ ਟ੍ਰੇਨ ਰਾਹੀ ਵਿਅਕਤੀਆਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਆਪਣੇ ਨਿੱਜੀ ਵਾਹਨ ਤੇ ਆਪਣੇ ਰਾਜਾ ਵਿੱਚ ਜਾਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਆਨਲਾਇਨ ਬੇਨਤੀ ਕਰ ਸਕਦੇ ਹਨ।
ਆਪਣੇ ਸੂਬੇ ਲਈ ਰਵਾਨਾ ਹੋਏ ਕਸ਼ਮੀਰੀ ਲੋਕਾਂ ਨੇ ਆਪਣੀ ਖੁਸ਼ੀ ਪ੍ਰਗਟਾਉਂਦੇ ਕਿਹਾ ਕਿ ਉਹ ਇੱਥੇ ਰੋਜ਼ੀ ਰੋਟੀ ਕਮਾਉਣ ਆਏ ਸਨ ਤੇ ਪਿਛਲੇ ਦੋ ਮਹੀਨੇ ਤੋਂ ਇੱਥੇ ਫਸੇ ਹੋਏ ਸਨ। ਉਨ੍ਹਾਂ ਵੱਲੋਂ ਰੂਪਨਗਰ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਹੈ।