ਰੂਪਨਗਰ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਜਿਥੇ ਇੱਕ ਪਾਸੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ ਤੇ ਕੋਰੋਨਾ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਹਨ।
ਸਰਕਾਰੀ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦਾ ਸਹੀ ਇਲਾਜ ਨਾ ਹੋਣਾ, ਉਨ੍ਹਾਂ ਨੂੰ ਚੰਗਾ ਖਾਣਾ, ਪੀਣਯੋਗ ਪਾਣੀ ਦੀਆਂ ਸਹੂਲਤਾਂ ਨਾ ਮਿਲਣਾ, ਸਰਕਾਰ ਤੇ ਸਿਹਤ ਵਿਭਾਗ 'ਤੇ ਕੋਰੋਨਾ ਵਾਇਰਸ ਸਬੰਧੀ ਲੋਕਾਂ 'ਚ ਦਹਿਸ਼ਤ ਫੈਲਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਅਫਵਾਹਾਂ ਤੇਜ਼ੀ ਨਾਲ ਫੈਲ ਰਹੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਐਸਐਮਓ ਅਧਿਕਾਰੀ ਡਾ. ਚਰਨਜੀਤ ਨੇ ਲੋਕਾਂ ਨੂੰ ਅਜਿਹੀਆਂ ਭਰਮਾਓ ਗੱਲਾਂ ਤੇ ਝੂਠੀਆਂ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਡਾ. ਚਰਨਜੀਤ ਨੇ ਕਿਹਾ ਕਿ ਸ੍ਰੀ ਅਨੰਦਰਪੁਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੀ ਸਰ੍ਹਾਂ (ਸ੍ਰੀ ਗੁਰੂ ਤੇਗ ਬਹਾਦੁਰ ਨਿਵਾਸ) ਨੂੰ ਕੋਵਿਡ ਸੈਂਟਰ 'ਚ ਤਬਦੀਲ ਕੀਤਾ ਗਿਆ ਹੈ। ਇਥੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਕੋੇਰੋਨਾ ਮਰੀਜ਼ਾਂ ਦਾ ਚੰਗਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਡਾ. ਚਰਨਜੀਤ ਨੇ ਕਿਹਾ ਮਰੀਜ਼ਾਂ ਨੂੰ ਖਾਣ-ਪੀਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ।
ਡਾ. ਚਰਨਜੀਤ ਨੇ ਕਿਹਾ ਸਿਹਤ ਵਿਭਾਗ ਦੀ ਟੀਮ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ 'ਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਟਰਨੈਟ 'ਤੇ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜਦੋਂ ਕਿ ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਫਵਾਹਾਂ ਤੋਂ ਬੱਚ ਕੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅ ਕਰਨੇ ਚਾਹੀਦੇ ਹਨ।