ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਚੱਲ ਰਹੇ ਲੌਕਡਾਊਨ ਕਾਰਨ ਜਿਥੇ ਕੰਮ ਠੱਪ ਹੋਣ ਕਾਰਨ ਲੋਕ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਉਥੇ ਸ਼ਹਿਰ ਦੇ ਇੱਕ ਨਿੱਜੀ ਸਕੂਲ ਵੱਲੋਂ ਵਸੂਲੀਆਂ ਜਾ ਰਹੀਆਂ ਫ਼ੀਸਾਂ ਦਾ ਮਾਮਲਾ ਭਖਿਆ ਹੋਇਆ ਹੈ। ਇਸ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਨੇ ਸੋਮਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਕੂਲ ਪ੍ਰਬੰਧਕ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਭਰਵੀਂ ਨਾਅਰੇਬਾਜ਼ੀ ਕੀਤੀ ਗਈ।
ਨਾਅਰੇਬਾਜ਼ੀ ਕਰ ਰਹੇ ਮਾਪਿਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਫ਼ੀਸਾਂ ਲਈ ਨਿੱਜੀ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਰਹੀਆਂ ਹਨ, ਜਿਨ੍ਹਾਂ ਕਾਰਨ ਉਹ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਨਲਾਈਨ ਕਲਾਸਾਂ ਕਈ ਵਾਰ ਨੈਟਵਰਕ ਨਾ ਆਉਣ ਕਾਰਨ ਵਿਚਕਾਰ ਹੀ ਰਹਿ ਜਾਂਦੀਆਂ ਹਨ।
ਮਾਪਿਆਂ ਨੇ ਕਿਹਾ ਕਿ ਕਈ ਵਾਰ ਕਲਾਸਾਂ ਜੁਆਇੰਨ ਕਰਨ ਲਈ ਹੀ ਸਮਾਂ ਲੱਗ ਜਾਂਦਾ ਹੈ ਅਤੇ ਜੇ ਕਲਾਸਾਂ ਲੱਗ ਜਾਣ ਤਾਂ ਸਿਰਫ਼ ਡੇਢ ਘੰਟਾ ਹੀ ਪੜ੍ਹਾਈ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਥੋਂ ਨਰਸਰੀ ਦੇ ਬੱਚਿਆਂ ਨੂੰ ਵੀ ਆਨਲਾਈਨ ਕੰਮ ਭੇਜਿਆ ਜਾਂਦਾ ਹੈ, ਜੋ ਕਿ ਮਾਪਿਆਂ ਨੂੰ ਹੀ ਖ਼ੁਦ ਕਰਵਾਉਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਵੀ ਸਕੂਲ ਉਨ੍ਹਾਂ ਕੋਲੋਂ ਪੂਰੀਆਂ ਫ਼ੀਸਾਂ ਮੰਗ ਰਿਹਾ ਹੈ।
ਮਾਪਿਆਂ ਨੇ ਕਿਹਾ ਕਿ ਜਦੋਂ ਬੱਚਿਆਂ ਨੂੰ ਉਨ੍ਹਾਂ ਨੇ ਹੀ ਪੜ੍ਹਾਉਣਾ ਹੈ ਅਤੇ ਕਲਾਸਾਂ ਪੂਰੀਆਂ ਲੱਗਦੀਆਂ ਹੀ ਨਹੀਂ ਤਾਂ ਫਿਰ ਉਹ ਪੂਰੀਆਂ ਫ਼ੀਸਾਂ ਕਿਉਂ ਭਰਨ?