ਰੋਪੜ: ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਵੱਲੋਂ ਪੁੱਤਾਂ ਵਾਂਗੂ ਪਾਲੀ ਫ਼ਸਲ ਪੱਕ ਕੇ ਤਿਆਰ ਹੈ ਅਤੇ ਕਿਸਾਨਾਂ ਵੱਲੋਂ ਇਹ ਫ਼ਸਲ ਖ਼ਰੀਦ ਏਜੰਸੀਆਂ ਨੂੰ ਵੇਚੀ ਜਾ ਰਹੀ ਹੈ। 10 ਦਿਨ ਹੋ ਗਏ ਖਰੀਦ ਸ਼ੁਰੂ ਹੋਈ ਨੂੰ ਪਰ ਅਜੇ ਤੱਕ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਵੀ ਪੇਮੈਂਟ ਨਹੀਂ ਦਿੱਤੀ ਗਈ ਹੈ।
ਈਟੀਵੀ ਭਾਰਤ ਦੀ ਟੀਮ ਰੂਪਨਗਰ ਵੱਲੋਂ ਗਰਾਊਂਡ ਜੀਰੋ ਉੱਤੇ ਜਾ ਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਗਿਆ। ਰੋਪੜ ਦੀ ਮੰਡੀ ਦੇ ਵਿੱਚ ਹਰ ਪਾਸੇ ਝੋਨਾ ਹੀ ਝੋਨਾ ਪਿਆ ਦਿਖਾਈ ਦੇ ਰਿਹਾ ਪਰ ਇੱਥੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆਏ।
ਈਟੀਵੀ ਭਾਰਤ ਦੀ ਟੀਮ ਨੇ ਇੱਥੇ ਮੌਜੂਦ ਆੜ੍ਹਤੀ ਸਵਤੰਤਰ ਕੌਸ਼ਲ ਦੇ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮੰਡੀ ਦੇ ਵਿੱਚ ਇਸ ਵਾਰ ਝੋਨੇ ਦੀ ਬਹੁਤ ਵਧੀਆ ਫਸਲ ਆਈ ਹੈ। ਬਹੁਤ ਵਧੀਆ ਖਰੀਦਦਾਰੀ ਅਤੇ ਲਿਫਟਿੰਗ ਹੋ ਰਹੀ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਵੀ ਪੈਸਾ ਅਜੇ ਤੱਕ ਆੜ੍ਹਤੀ ਅਤੇ ਕਿਸਾਨ ਨੂੰ ਨਹੀਂ ਦਿੱਤਾ ਗਿਆ।
ਸਵਤੰਤਰ ਕੌਂਸ਼ਲ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਰੀਦ ਏਜੰਸੀਆਂ ਵੱਲੋਂ ਸਿਰਫ਼ ਤੇ ਸਿਰਫ਼ ਭਰੋਸਾ ਮਿਲ ਰਿਹਾ ਹੈ ਕਿ ਛੇਤੀ ਹੀ ਉਨ੍ਹਾਂ ਦੀ ਪੇਮੈਂਟ ਕਰ ਦਿੱਤੀ ਜਾਵੇਗੀ।
ਇਸ ਸਾਲ ਅਕਤੂਬਰ ਮਹੀਨੇ ਵਿੱਚ ਹੀ ਚਾਰ ਤਿਉਹਾਰ ਹਨ ਜਿਨ੍ਹਾਂ ਵਿੱਚ ਦੁਸਹਿਰਾ ਲੰਘ ਚੁੱਕਿਆ ਹੈ। ਇਸ ਤੋਂ ਬਾਅਦ ਕਰਵਾ ਚੌਥ ਅਤੇ ਥੋੜ੍ਹੇ ਦਿਨਾਂ ਤੱਕ ਦੀਵਾਲੀ ਆ ਰਹੀ ਹੈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਤਿਉਹਾਰਾਂ ਦਾ ਸੀਜ਼ਨ ਹੈ ਤੇ ਦੂਜਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਰਕਾਰ ਵੱਲੋਂ ਪੇਮੈਂਟ ਨਹੀਂ ਦਿੱਤੀ ਗਈ ਹੈ ਤਾਂ ਕਿਵੇਂ ਉਹ ਇਹ ਸਾਰੇ ਤਿਉਹਾਰ ਮਨਾਉਣਗੇ।