ਸ੍ਰੀ ਅਨੰਦਪੁਰ ਸਾਹਿਬ: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਕੀਰਤਪੁਰ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਬਿੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਨਿਸ਼ਾਨੇ ਵਿੰਨ੍ਹੇ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਬੀਬੀ ਬਾਦਲ ਨੇ ਅਸਤੀਫਾ ਦੇਣਾ ਹੁੰਦਾ ਤਾਂ ਉਹ ਪਹਿਲੇ ਬਿੱਲ 'ਤੇ ਹੀ ਅਸਤੀਫਾ ਦੇ ਦਿੰਦੇ ਨਾ ਕਿ ਤੀਜੇ ਬਿੱਲ 'ਤੇ। ਕਿਸਾਨ ਬਾਦਲ ਪਿੰਡ ਵਿੱਚ ਜਾ ਕੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਜਿਸ ਤੋਂ ਡਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਹੁੰਦੀ ਤਾਂ ਨਰਿੰਦਰ ਮੋਦੀ ਉਸ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨਾ ਬਣਾਉਂਦੇ। ਅਸੀਂ ਵੱਖ-ਵੱਖ ਥਾਵਾਂ 'ਤੇ ਭਾਜਪਾ ਦੇ ਲੀਡਰਾਂ ਦਾ ਘਿਰਾਓ ਕਰਾਂਗੇ ਤੇ ਉਨ੍ਹਾਂ ਨੂੰ ਸਵਾਲ ਜਵਾਬ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਰਐਸਐਸ ਦੇ ਕਿਸਾਨ ਵਿੰਗ ਵੱਲੋਂ ਵੀ ਇਸ ਆਰਡੀਨੈਂਸ ਦਾ ਵਿਰੋਧ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਬ੍ਹ ਨਾਲੋਂ ਵੱਧ ਕਿਸਾਨਾਂ ਦਾ ਰਾਖਾ ਕੋਈ ਵੀ ਨਹੀਂ ਹੈ। ਇਹ ਆਰਡੀਨੈਂਸ ਆਉਣ ਨਾਲ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਦੇ ਮਾੜੇ ਦਿਨ ਆਉਣੇ ਸ਼ੁਰੂ ਹੋ ਜਾਣਗੇ।