ਰੂਪਨਗਰ: ਖੇਤੀ ਕਾਨੂੰਨਾਂ ਵਿਰੁੱਧ ਅੱਜ ਕਿਸਾਨ ਜਥੇਬੰਦੀਆਂ ਦਾ ਰੇਲ ਰੋਕੋ ਅੰਦੋਲਨ ਦਾ 17ਵਾਂ ਦਿਨ ਹੈ ਤੇ ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਧਰਨੇ ਉੱਤੇ ਬੈਠੇ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਤਾਂ ਉਨ੍ਹਾਂ ਲਈ ਦੁਸਹਿਰਾ ਤੇ ਦੀਵਾਲੀ ਕਾਲੀ ਹੈ।
ਕਿਸਾਨਾਂ ਨੇ ਕਿਹਾ ਕਿ ਸਾਡੀ ਤਾਂ ਕਿਸਾਨੀ ਖੇਤੀ ਕਾਨੂੰਨਾਂ ਦੇ ਕਾਰਨ ਤਬਾਹ ਹੋ ਰਹੀ ਹੈ ਤੇ ਅਸੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 17 ਦਿਨਾਂ ਤੋਂ ਰੇਲਵੇ ਪਟੜੀਆਂ ਉੱਤੇ ਬੈਠੇ ਦਿਨ ਰਾਤ ਧਰਨਾ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਵਾਰ ਸਾਡੀ ਕਾਹਦੀ ਦੀਵਾਲੀ-ਦੁਸਹਿਰਾ, ਅਸੀਂ ਤਾਂ ਕਾਲੀਆਂ ਝੰਡੀਆਂ ਲੈ ਕੇ ਸਿਰ ਉੱਤੇ ਕਾਲੀਆਂ ਪੱਗਾਂ ਬੰਨ੍ਹ ਕੇ ਧਰਨਾ ਦੇ ਰਹੇ ਹਾਂ। ਇਸ ਵਾਰ ਕਿਸਾਨਾਂ ਲਈ ਤਾਂ ਇਹ ਕਾਲੇ ਤਿਉਹਾਰ ਹਨ।
ਕਿਸਾਨਾਂ ਨੇ ਕਿਹਾ ਕਿ ਵੈਸੇ ਤਾਂ ਸਾਨੂੰ ਅੰਨਦਾਤਾ ਕਿਹਾ ਜਾਂਦਾ ਹੈ ਪਰ ਅੰਨਦਾਤਾ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਲਾਈਨਾਂ ਉੱਤੇ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਰਨਾ ਚਾਹੁੰਦਾ ਹੈ ਕਿਉਂ ਸਾਨੂੰ ਖੱਜਲ ਖੁਆਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਅਸੀਂ ਉਦੋਂ ਤੱਕ ਕੋਈ ਤਿਉਹਾਰ ਨਹੀਂ ਮਨਾਉਣਾ ਸਾਡੇ ਵਾਸਤੇ ਤਾਂ ਸਾਰੇ ਤਿਉਹਾਰ ਕਾਲੇ ਹਨ।