ਰੂਪਨਗਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦੇ ਨਤੀਜਾ ਐਲਾਨ ਦਿੱਤਾ ਗਿਆ ਹੈ। ਰੂਪਨਗਰ ਦੀਆਂ ਧੀਆਂ ਪ੍ਰੇਰਨਾ ਸ਼ਰਮਾ ਅਤੇ ਰਮਨਦੀਪ ਕੌਰ ਨੇ ਬਾਰਵੀਂ ਵਿੱਚੋਂ ਮੈਰਿਟ ਵਿੱਚ ਆ ਕੇ ਰੋਪੜ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਜ਼ਿਲ੍ਹਾ ਰੂਪਨਗਰ 12ਵੀਂ ਜਮਾਤ ਦੇ ਨਤੀਜੇ ਵਜੋਂ ਸੂਬੇ ਵਿੱਚੋਂ ਦੂਜੇ ਨੰਬਰ ਉਤੇ ਆਇਆ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਪ੍ਰੇਰਨਾ ਸ਼ਰਮਾ ਪੁੱਤਰੀ ਪ੍ਰਵੀਨ ਕੁਮਾਰ ਸ. ਸੀ.ਸੈ. ਸਕੂਲ ਸ੍ਰੀ ਆਨੰਦਪੁਰ ਸਾਹਿਬ ਦੀ ਕਾਮਰਸ ਗਰੁੱਪ ਦੀ ਵਿਦਿਆਰਥਣ ਅਤੇ ਰਮਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘ, ਸ. ਸ. ਸੈ. ਸਕੂਲ ਤਖਤਗੜ੍ਹ ਰੂਪਨਗਰ ਨੇ ਮੈਰਿਟ ਵਿੱਚ ਆ ਕੇ ਰੋਪੜ ਜ਼ਿਲ੍ਹੇ ਦਾ ਮਾਣ ਵਧਾਇਆ।
![ਜ਼ਿਲ੍ਹਾ ਰੂਪਨਗਰ 12ਵੀਂ ਦੇ ਨਤੀਜੇ ’ਚ ਸੂਬੇ ਭਰ ’ਚੋਂ ਦੂਜੇ ਨੰਬਰ ’ਤੇ ਆਇਆ](https://etvbharatimages.akamaized.net/etvbharat/prod-images/pb-roop-result-toppervisbite-pb10024_28062022221941_2806f_1656434981_824.jpg)
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਮਿਹਨਤ ਸਦਕਾ ਜ਼ਿਲ੍ਹਾ ਰੂਪਨਗਰ 12ਵੀਂ ਜਮਾਤ ਦੇ ਨਤੀਜੇ ਵਜੋਂ ਸੂਬੇ ਵਿੱਚੋਂ ਦੂਜੇ ਨੰਬਰ ਉੱਤੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਫਲਤਾ ਵਿਚ ਸਮੁੱਚਾ ਸਕੂਲ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਇਹ ਮੁਕਾਮ ਹਾਸਲ ਕਰਨ ਵਿਚ ਅਣਥੱਕ ਯਤਨ ਕੀਤੇ ਹਨ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐੱਸ.ਪੀ.ਸਿੰਘ ਨੇ ਦੱਸਿਆ ਕਿ ਦੋਵੇਂ ਵਿਦਿਆਰਥਣਾਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਬਾਰ੍ਹਵੀਂ ਦੇ ਨਤੀਜੇ ਵਿੱਚ ਰੋਪੜ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਰਹੀਆਂ। ਦੋਵਾਂ ਬੱਚੀਆਂ ਦੀ ਸਫਲਤਾ ਬਾਰੇ ਪ੍ਰਿੰ. ਨੀਰਜ ਵਰਮਾ ਅਤੇ ਪ੍ਰਿੰ. ਮਨੀ ਰਾਮ ਨੇ ਵੀ ਖੁਸ਼ੀ ਸਾਂਝੀ ਕੀਤੀ।
ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ. ਜਰਨੈਲ ਸਿੰਘ ਜੀ ਨੇ ਦੱਸਿਆ ਦੋਵਾਂ ਵਿਦਿਆਰਥਣਾਂ ਨੇ 490/500 ਅੰਕ ਪ੍ਰਾਪਤ ਕਰ ਆਪਣੇ ਮਾਪਿਆਂ ਦਾ ਅਤੇ ਜ਼ਿਲ੍ਹੇ ਦਾ ਨਾਮ ਰੁਸ਼ਨਾਇਆ। ਉਨ੍ਹਾਂ ਇਸ ਵੱਡੀ ਪ੍ਰਾਪਤੀ ਉਤੇ ਬੱਚੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: 12ਵੀਂ ’ਚੋਂ 497 ਅੰਕ ਹਾਸਿਲ ਕਰ ਅਰਸ਼ਪ੍ਰੀਤ ਬਣੀ ਟੌਪਰ