ਰੋਪੜ: ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਿਆਂ ਨੰਗਲ ਸੈਂਟ ਸੋਲਜਰ ਡੀਵਾਇਨ ਪਬਲਿਕ ਸਕੂਲ ਨਜ਼ਦੀਕ ਕਿਸੇ ਉਦਯੋਗਿਕ ਇਕਾਈ ਵਿੱਚ ਹੋਈ ਸੰਭਾਵੀ ਗੈਸ ਲੀਕ ਸਬੰਧੀ ਕਿਸੇ ਵੀ ਅਫਵਾਹ ਉੱਤੇ ਵਿਸ਼ਵਾਸ਼ ਨਾ ਕਰਨ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਘਟਨਾ ਤੋਂ ਮਗਰੋਂ ਕੋਈ ਹੋਰ ਗੰਭੀਰ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ।
ਗੈਸ ਲੀਕ ਨਾਲ ਬੱਚੇ ਹੋਏ ਬਿਮਾਰ: ਦੱਸ ਦਈਏ ਜ਼ਿਲ੍ਹਾ ਰੂਪਨਗਰ ਦੀ ਸਬ ਡਵੀਜ਼ਨ ਵਿੱਚ ਅੱਜ ਸਵੇਰੇ ਇੱਕ ਵੱਡੇ ਨਿੱਜੀ ਸਕੂਲ ਵਿੱਚ ਸਵੇਰੇ ਕਰੀਬ 8 ਵਜੇ ਜਦੋਂ ਬੱਚਿਆਂ ਨੂੰ ਪ੍ਰਾਰਥਨਾ ਦੇ ਲਈ ਸਕੂਲ ਵਿੱਚ ਇਕੱਠ ਕੀਤਾ ਗਿਆ ਤਾਂ ਉਸ ਸਮੇਂ ਕੁਝ ਬੱਚਿਆਂ ਨੂੰ ਅੱਖਾਂ ਵਿੱਚ ਜਲਣ ਹੋਣ ਲੱਗੀ ਅਤੇ ਉਲਟੀ ਆਉਣ ਦੇ ਲੱਛਣ ਦਿਖਣ ਲੱਗੇ। ਅਚਾਨਕ 25 ਦੇ ਕਰੀਬ ਬੱਚੇ ਇਕਦਮ ਬਿਮਾਰ ਹੋ ਗਏ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸ਼ਨ ਅਤੇ ਖੁੱਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਰਕਤ ਵਿੱਚ ਆਏ ਅਤੇ ਜ਼ਿਲਾ ਪ੍ਰਸ਼ਾਸ਼ਨ ਮੌਕੇ ਉੱਤੇ ਪਹੁੰਚ ਗਿਆ। ਇਸ ਤੋਂ ਬਾਅਦ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ।
ਜਾਂਚ ਲਈ ਟੀਮ ਦਾ ਗਠਨ: ਰੋਪੜ ਜ਼ਿਲ੍ਹੇ ਵਿੱਚ ਬਤੌਰ ਡਿਪਟੀ ਕਮਿਸ਼ਨਰ ਤਾਇਨਾਤ ਪ੍ਰੀਤੀ ਯਾਦਵ ਨੇ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਇਹ ਗੈਸ ਲੀਕ ਦਾ ਮਾਮਲਾ ਲੁਧਿਆਣਾ ਜਿਹਾ ਕਿਸੇ ਵੀ ਰੂਪ ਵਿੱਚ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਜਾਂਚ ਲਈ ਗਠਿਤ ਕੀਤੀ ਗਈ ਟੀਮ ਵੱਖ-ਵੱਖ ਥਾਵਾਂ ਉੱਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਵੇਗੀ ਅਤੇ ਇਹ ਸੁਨਿਸ਼ਚਤ ਕਰੇਗੀ ਕਿ ਘਟਨਾ ਦਾ ਅਸਲ ਕਾਰਨ ਕੀ ਸੀ। ਉਨ੍ਹਾਂ ਕਿਹਾ ਕਮੇਟੀ ਦੀ ਰਿਪੋਰਟ ਦੇ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੰਤਰੀ ਹਰਜੋਤ ਬੈਂਸ ਦੀ ਅਪੀਲ: ਮਾਮਲੇ ਸਬੰਧੀ ਬੋਲਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਘਟਨਾ ਦੌਰਾਨ ਮੁੱਢਲੀ ਸਹਾਇਤਾ ਵਿੱਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਹਰਜੋਤ ਬੈਂਸ ਨੇ ਪੂਰਾ ਬਿਓਰਾ ਪੇਸ਼ ਕਰਦਿਆਂ ਦੱਸਿਆ ਕਿ ਕਿੰਨੇ ਬੱਚਿਆਂ ਦੀ ਹਾਲਤ ਸਥਿਰ ਹੈ ਅਤੇ ਕਿੰਨੇ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੋਈ ਵੀ ਸ਼ਖ਼ਸ ਪੈਨਿਕ ਪੈਦਾ ਕਰਨ ਵਾਲੀ ਕੇੋਈ ਅਫਵਾਹ ਨਾ ਉਡਾਵੇ। ਉਨ੍ਹਾਂ ਦੋਹਰਾਇਆ ਕਿ ਸਾਰੀ ਸਥਿਤੀ ਹੁਣ ਕਾਬੂ ਵਿੱਚ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।