ਪਟਿਆਲਾ: ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਉੱਪਰ ਗੰਭੀਰ ਦੋਸ਼ ਲਗਾਏ ਹਨ।
ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦਾ ਬਹਾਨਾ ਬਣਾ ਕੇ ਪੰਜਾਬ ਵਿੱਚ ਸਭ ਤੋਂ ਵੱਧ ਹਿੰਦੂ ਨੇਤਾਵਾਂ ਦੀ ਸੁਰੱਖਿਆਂ ਵਿੱਚ ਕਮੀ ਕੀਤੀ ਗਈ ਹੈ। ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਉਸ ਦੀ ਸਕਿਓਰਿਟੀ ਵੀ 98 ਫੀਸਦੀ ਘਾਟਾ ਲਈ ਗਈ ਹੈ, ਜਿੱਥੇ ਪਹਿਲਾਂ 18 ਵਿਅਕਤੀ ਸਕਿਓਰਿਟੀ ਵਿੱਚ ਤਾਇਨਾਤ ਸਨ, ਹੁਣ ਕੇਵਲ ਦੋ ਪੁਲਿਸ ਮੁਲਾਜ਼ਮ ਗਨਮੈਨ ਦੇ ਤੌਰ 'ਤੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਜਿਪਸੀ ਅਤੇ ਬੁਲਟ ਪਰੂਫ ਕਾਰ ਵੀ ਵਾਪਸ ਲੈ ਲਈ ਗਈ ਹੈ। ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਹਨੀ ਮਹਾਜਨ ਨੂੰ ਜਾਨੀ ਖ਼ਤਰਾ ਹੈ, ਉਸ ਦੀ ਸਕਿਓਰਿਟੀ 'ਚ ਵਾਧਾ ਕੀਤਾ ਜਾਵੇ, ਜਿਸ 'ਤੇ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਡੀਜੀਪੀ ਕੋਈ ਧਿਆਨ ਨਹੀਂ ਦੇ ਰਿਹਾ।
ਇਹ ਵੀ ਪੜੋ: ਖੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਮੁਫ਼ਤ ਰਹੇਗੀ ਜਾਰੀ: ਬਾਜਵਾ
ਇਸ ਦੇ ਨਾਲ ਪਵਨ ਨੇ ਕਿਹਾ ਕਿ ਉਸ ਨੇ ਡੀਜੀਪੀ ਦਿਨਕਰ ਗੁਪਤਾ ਉੱਪਰ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਕਾਰਨ ਉਸ ਦੀ ਸਕਿਓਰਿਟੀ 'ਚੋਂ 98 ਫੀਸਦੀ ਦੀ ਕਮੀ ਕੀਤੀ ਗਈ ਹੈ ਅਤੇ ਬੁਲੇਟ ਪਰੂਫ ਕਾਰ ਵਾਪਸ ਲੈ ਲਈ ਗਈ ਹੈ। ਪਵਨ ਗੁਪਤਾ ਨੇ ਕਿਹਾ ਜੇ ਕੱਲ੍ਹ ਨੂੰ ਉਸ ਨੂੰ ਜਾਂ ਉਸ ਦੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਡੀਜੀਪੀ ਦੇ ਦਿਨਕਰ ਗੁਪਤਾ ਹੋਵੇਗਾ।