ਪਟਿਆਲਾ: ਰਾਜਪੁਰਾ ਦੇ ਨਜਦੀਕ ਪੈਂਦੇ ਥਾਣਾ ਖੇੜੀ ਗੰਢਿਆਂ ਪੁਲਿਸ ਵਲੋਂ 48 ਘੰਟਿਆਂ ’ਚ ਅੰਨੇ ਕਤਲ ਦੀ ਵਾਰਦਾਤ ਨੂੰ ਸੁਲਝਾਉਣ ਵਿਚ ਸਫਲਤਾ ਹਾਸਲ ਹੋਈ ਹੈ। ਇਸ ਵਿਸ਼ੇ ਬਾਰੇ ਰਾਜਪੁਰਾ ਦੇ ਮਿੰਨੀ ਸਕੱਤਰੇਤ ਵਿਖੇ ਪ੍ਰੈਸ ਕਾਨਫਰੰਸ ਕਰ ਐਸਐਸਪੀ ਬਿਕਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ 2 ਮਾਰਚ ਨੂੰ ਥਾਣਾ ਖੇੜੀ ਗੰਢਿਆਂ ਪੁਲਿਸ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਭਦਕ ਨੇੜੇ ਇੱਕ 14 ਸਾਲਾ ਨੌਜਵਾਨ ਦੀ ਲਾਸ਼ ਪੁਲਿਸ ਨੂੰ ਬਰਾਮਦ ਹੋਈ ਸੀ।
ਐਸਐਸਪੀ ਪਟਿਆਲਾ ਨੇ ਜਾਣਕਾਰੀ ਦਿੱਤੀ ਕਿ ਨੌਜਵਾਨ ਦੀ ਲਾਸ਼ ਦੇਖ ਕੇ ਕਤਲ ਹੋਣ ਦੀ ਸੰਭਾਵਨਾ ਤੇ ਜਾਚ ਆਰੰਭ ਕਰ ਲਾਸ਼ ਦੀ ਸ਼ਨਾਖਤ ਕਰਵਾਉਣ ਤੋਂ ਬਾਅਦ ਡੀਐਸਪੀ ਜਸਵਿੰਦਰ ਟਿਵਾਣਾ ਵੱਲੋਂ ਇਸ ਅੰਨ੍ਹੇ ਕਤਲ ਨੂੰ ਸੁਲਝਾਉਣ ਲਈ ਪੁਲਿਸ ਟੀਮ ਦਾ ਗਠਨ ਕਰ ਜਾਂਚ ਆਰੰਭ ਕੀਤੀ ਗਈ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ 14 ਸਾਲਾ ਮ੍ਰਿਤਕ ਅਨੁਜ ਦਾ ਕਤਲ ਉਸ ਦੇ ਦੋ ਰਿਸ਼ਤੇਦਾਰਾਂ (ਭੂਆ ਦੇ ਮੁੰਡੇ) ਵੱਲੋਂ ਹੀ ਕੀਤਾ ਗਿਆ ਸੀ, ਜਿਨ੍ਹਾਂ ਦੀ ਪਹਿਚਾਣ ਸ਼ਾਮੂ ਸ਼ਰਮਾ ਅਤੇ ਬਬਲੂ ਸ਼ਰਮਾ ਉਰਫ਼ ਵਿਜੈ ਦੇ ਤੌਰ ’ਤੇ ਹੋਈ ਹੈ।
ਐਸਐਸਪੀ ਨੇ ਜਾਣਕਾਰੀ ਦਿਤੀ ਕੀ ਦੋਵੇਂ ਦੋਸ਼ੀ ਮ੍ਰਿਤਕ ਅਨੁਜ ਦੀ ਭੂਆ ਦੇ ਲੜਕੇ ਹਨ ਅਤੇ ਸ਼ਾਮੂ ਨਾਮੀ ਨੌਜਵਾਨ ਦੇ ਮ੍ਰਿਤਕ ਅਨੁਜ ਦੀ ਭੈਣ ਨਾਲ ਨਜਾਇਜ਼ ਸੰਬੰਧ ਸਨ ਅਤੇ 2019 ਵਿਚ ਮ੍ਰਿਤਕ ਅਨੁਜ ਨੇ ਸ਼ਾਮੂ ਅਤੇ ਆਪਣੀ ਭੈਣ ਨੂੰ ਇਤਰਾਜ਼ਯੋਗ ਹਾਲਾਤਾਂ ਵਿੱਚ ਵੇਖ ਲਿਆ ਸੀ ਅਤੇ ਆਪਣੇ ਮਾਤਾ-ਪਿਤਾ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਸੀ, ਜਿਸ ਕਾਰਣ ਸ਼ਾਮੂ ਅਨੁਜ ਨਾਲ ਰੰਜਿਸ਼ ਰਖਦਾ ਸੀ।
ਉਨ੍ਹਾਂ ਦੱਸਿਆ ਕਿ ਇਸੇ ਕਾਰਨ ਸ਼ਾਮੂ ਵੱਲੋਂ ਆਪਣੇ ਭਰਾ ਵਿਜੇ ਨਾਲ ਮਿਲ ਕੇ ਅਨੁਜ ਨੂੰ ਮਿਲਣ ਦੀ ਸਲਾਹ ਬਣਾਈ, ਜਿਸ ਤੋਂ ਬਾਅਦ ਸ਼ਾਮੂ ਅਤੇ ਵਿਜੇ ਮ੍ਰਿਤਕ ਅਨੂਜ ਨੂੰ ਲੰਘੀ 2 ਮਾਰਚ ਦੀ ਰਾਤ ਨੂੰ ਦਾਰੂ ਪਿਲਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ ਸਨ ਅਤੇ ਰਾਜਪੁਰਾ-ਪਟਿਆਲਾ ਰੋਡ ਉਤੇ ਸਥਿਤ ਪਿੰਡ ਭਦਕ ਨੇੜੇ ਮ੍ਰਿਤਕ ਅਨੁਜ ਨੂੰ ਦਾਰੂ ਪਿਲਾ ਉਸ ਦਾ ਕਤਲ ਕਰ ਦਿਤਾ ਸੀ।