ਪਟਿਆਲਾ: ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਜਨ-ਜੀਵਨ ਇੱਕ ਵਾਰ ਫਿਰ ਪਟੜੀ 'ਤੇ ਆਉਣਾ ਸ਼ੁਰੂ ਹੋ ਗਿਆ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੇ ਹਦਾਇਤਾਂ ਦੇ ਕੇ ਜਿੱਥੇ ਬਾਜ਼ਾਰ, ਧਰਮਿਕ ਸਥਾਨ ਅਤੇ ਜ਼ਿੰਮਾਂ ਖੁੱਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਉੱਥੇ ਹੀ ਖੇਡਾਂ ਦੇ ਮੈਦਾਨ ਹਾਲੇ ਵੀ ਸੁੰਨੇ ਪਏ ਹਨ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਮਾਂ ਖੇਡ ਕਬੱਡੀ ਦੀ ਤਾਂ ਇਸ ਖੇਡ ਨਾਲ ਪੰਜਾਬ ਦੇ ਲੱਖਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ, ਅੱਜ ਕਬੱਡੀ ਦੇ ਖੇਡ ਮੇਲੇ ਨਾ ਹੋਣ ਕਾਰਨ ਖਿਡਾਰੀ ਪਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ, ਜਿਸ ਕਰਕੇ ਮੰਗਲਵਾਰ ਨੂੰ ਪਟਿਆਲਾ ਦੇ ਐਸਡੀਐਮ ਨੂੰ ਕਬੱਡੀ ਖਿਡਾਰੀਆਂ ਨੇ ਟੂਰਨਾਮੈਂਟਾਂ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਮੰਗ ਪੱਤਰ ਦਿੱਤਾ।
ਇਸ ਮੌਕੇ ਕਬੱਡੀ ਖਿਡਾਰੀਆਂ ਨੇ ਕਿਹਾ ਕਬੱਡੀ ਖੇਡ ਨਾਲ ਜੁੜੇ ਜ਼ਿਆਦਾਤਰ ਖਿਡਾਰੀ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਇਸ ਖੇਡ ਨੂੰ ਚਲਾਉਣ ਵਾਲੇ ਖਿਡਾਰੀ, ਕੋਚ, ਕਮੈਂਟਰ, ਰੈਫਰੀ, ਬੈਰੀਗੇਟ ਵਾਲੇ ਆਦਿ ਆਰਥਿਕ ਨੁਕਸਾਨ ਝੱਲ ਰਹੇ ਹਨ। ਬਹੁਤ ਸਾਰੀਆਂ ਕਮੇਟੀਆਂ ਖੇਡ ਮੇਲੇ ਕਰਵਾਉਣ ਲਈ ਤਿਆਰ ਹਨ, ਪਰ ਉਹ ਸਰਕਾਰ ਦੀ ਉਡੀਕ ਵਿੱਚ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਬੱਡੀ ਮੈਚ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਨਹੀਂ ਤਾਂ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ, ਜਿਸ ਨਾਲ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ। ਕਬੱਡੀ ਦੇ ਅਨੇਕਾਂ ਖਿਡਾਰੀ ਇਹੋ ਜਿਹੇ ਹਨ, ਜੋ ਮੈਚ 'ਚੋਂ ਰੋਜ਼ ਦੇ ਮਿਲਦੇ ਪੈਸਿਆਂ ਨਾਲ ਆਪਣਾ ਪਰਿਵਾਰ ਪਾਲਦੇ ਹਨ।