ਨਾਭਾ : ਪਿਛਲੇ ਲੰਮੇਂ ਸਮੇਂ ਤੋਂ ਵੱਖ ਵੱਖ ਮੁੱਦਿਆਂ ਨੂੰ ਲੈਕੇ ਵਿਵਾਦਾਂ ਵਿੱਚ ਚੱਲ ਰਹੀਆਂ ਪੰਜਾਬ ਦੀਆਂ ਜੇਲ੍ਹਾਂ ਮੁੜ ਤੋਂ ਸੁਰਖੀਆਂ ਵਿੱਚ ਹਨ। ਦਰਅਸਲ ਹੁਣ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ (New District Jail of Nabha) 'ਚ ਚੋਰੀ ਦੇ ਦੋਸ਼ਾਂ ਅਧੀਨ ਬੰਦ ਹਵਾਲਾਤੀ ਦਵਿੰਦਰ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ (Deportee Davinder Singh committed suicide) ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਵਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 26 ਸਾਲ ਸੀ। ਮ੍ਰਿਤਕ ਪਿਛਲੇ 2 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸੀ।
ਮ੍ਰਿਤਕ ਹਵਾਲਾਤੀ ਦੀ ਲਾਸ਼: ਹਵਾਲਾਤੀ ਦਵਿੰਦਰ ਸਿੰਘ (Detainee Davinder Singh died) ਦੀ ਮੌਤ ਤੋਂ ਬਾਅਦ ਨਾਭਾ ਦੇ ਜੱਜ ਅਤੇ ਨਾਇਬ ਤਹਿਸੀਲਦਾਰ ਰਾਜ ਵਰਿੰਦਰ ਸਿੰਘ ਧਨੋਆ ਮੌਕੇ 'ਤੇ ਜਾਇਜ਼ਾ ਲੈਣ ਜੇਲ੍ਹ ਪਹੁੰਚੇ। ਮ੍ਰਿਤਕ ਹਵਾਲਾਤੀ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਸਵੇਰੇ ਸਿਵਲ ਹਸਪਤਾਲ ਨਾਭਾ ਵਿਖੇ ਪੋਸਟਮਾਰਟਮ ਕੀਤਾ ਜਾਵੇਗਾ।
ਨਾਭਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਨਾਭਾ ਜੇਲ੍ਹ ਪ੍ਰਸ਼ਾਸਨ (Nabha Jail Administration) ਵੱਲੋਂ ਹਵਾਲਾਤੀ ਦਵਿੰਦਰ ਸਿੰਘ ਦੀ ਲਾਸ਼ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ। ਇਹ ਹਵਾਲਾਤੀ ਸਾਡੇ ਕੋਲ ਮ੍ਰਿਤਕ ਆਇਆ ਹੈ ਤੇ ਅਸੀਂ ਸਦਰ ਥਾਣਾ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਮੌਕੇ ਨਵੀਂ ਜ਼ਿਲ੍ਹਾ ਜੇਲ੍ਹ 'ਚ ਪਹੁੰਚੇ ਨਾਇਬ ਤਹਿਸੀਲਦਾਰ ਰਾਜ ਧਨੋਆ ਨੇ ਕਿਹਾ ਕਿ 26 ਸਾਲ ਦੇ ਦਵਿੰਦਰ ਸਿੰਘ ਨਾਂ ਦੇ ਹਵਾਲਾਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਗਈ ਹੈ, ਜਿਸ ਦਾ ਪੋਸਟਮਾਰਟਮ ਸਿਵਲ ਹਸਪਤਾਲ ਨਾਭਾ ਵਿਖੇ ਹੋਵੇਗਾ। ਇਸ ਵੱਲੋਂ ਆਤਮਹੱਤਿਆ ਕਿਉਂ ਕੀਤੀ ਗਈ, ਇਹ ਜਾਂਚ ਦਾ ਵਿਸ਼ਾ ਹੈ।