ਨਾਭਾ: ਦਿੱਲੀ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ ਵੱਲੋਂ ਜਿੱਥੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ ਅਤੇ ਕਾਲੇ ਕਾਨੂੰਨ ਨੂੰ ਵਾਪਸ ਕਰਨ ਦੀ ਮੰਗ ਰੱਖੀ ਗਈ ਹੈ ਉਥੇ ਹੀ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ ਹਨ। ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੋਦੀ, ਅਡਾਨੀ ਅਤੇ ਅੰਬਾਨੀ ਦਾ ਪੁਤਲਾ ਫੂਕਿਆ ਗਿਆ। ਧਰਨੇ ਵਿੱਚ ਵੱਡੀ ਗਿਣਤੀ ਬੀਬੀਆਂ ਤੇ ਬੱਚਿਆਂ ਨੇ ਵੀ ਹਿੱਸਾ ਲਿਆ।
ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਲਕੁਲ ਕਿਸਾਨਾਂ ਦੇ ਵਿਰੋਧ ਵਿੱਚ ਹੈ ਅਤੇ ਹੋਂਦ ਖਤਮ ਕਰਨ 'ਤੇ ਤੁਲੀ ਹੋਈ ਹੈ। ਜੇਕਰ ਜ਼ਿਮੀਂਦਾਰ ਕੋਲ ਜ਼ਮੀਨ ਹੈ ਤਾਂ ਹੀ ਜ਼ਿਮੀਂਦਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਘਰੇਲੂ ਸਬਜ਼ੀਆਂ ਆਦਿ ਲਈ ਵੀ ਕਾਰਪੋਰੇਟਾਂ ਦੇ ਸਟੋਰਾਂ 'ਤੇ ਭੇਜਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁੱਧ ਦੇਸ਼ ਦੇ ਨਾਲ ਵਿਦੇਸ਼ਾਂ ਵਿੱਚ ਵੀ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਜਿਸ ਦੀ ਉਹ ਸ਼ਲਾਘਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦਿੱਲੀ ਜਾ ਰਹੇ ਹਨ ਉਨ੍ਹਾਂ ਦੇ ਪਰਿਵਾਰਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿਸਾਨਾਂ ਦੇ ਰੋਹ ਅੱਗੇ ਮੋਦੀ ਸਰਕਾਰ ਨੂੰ ਇਹ ਖੇਤੀ ਕਾਨੂੰਨ ਹਰ ਹਾਲਤ ਵਿੱਚ ਵਾਪਸ ਲੈਣੇ ਹੀ ਪੈਣਗੇ, ਕਿਉਂਕਿ ਪੰਜਾਬੀਆਂ ਨੇ ਅੱਜ ਤੱਕ ਕਦੇ ਵੀ ਕੋਈ ਮੋਰਚਾ ਬਿਨਾਂ ਜਿੱਤੇ ਨਹੀਂ ਛੱਡਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ 6 ਮਹੀਨੇ ਦਾ ਰਾਸ਼ਨ ਇਕੱਠਾ ਹੈ। ਜਿੰਨਾ ਚਿਰ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਓਨਾ ਚਿਰ ਉਹ ਧਰਨੇ ਵਿੱਚ ਬੈਠਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੋਦੀ ਕੋਲੋਂ ਖੇਤੀ ਕਾਨੂੰਨਾਂ ਦੇ ਹੱਲ ਬਾਰੇ ਉੱਕਾ ਹੀ ਉਮੀਦ ਨਹੀਂ ਹੈ।