ਪਟਿਆਲਾ: ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਅਤੇ ਨੈਸ਼ਨਲ ਰਜਿਸਟਰ ਸਿਟੀਜ਼ਨ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਦੌਰਾਨ ਵੀਰਵਾਰ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਤੇ ਪ੍ਰਦਰਸ਼ਨ ਕਰ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬਵਾਨਾ ਜੇਲ੍ਹ ‘ਚ ਲਿਜਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ ‘ਚ ਰੋਸ ਹੈ। ਇਸ ਕਾਨੂੰਨ ਲੈ ਕੇ ਲਗਾਤਾਰ ਡਾਕਟਰ ਗਾਂਧੀ ਕਹਿ ਰਹੇ ਹਨ ਕਿ ਇਹ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਖਿਲਾਫ਼ ਹੈ ਅਤੇ ਆਪਸੀ ਭਾਈਚਾਰੇ ਧਾਰਮਿਕ ਵਿਤਕਰੇ ਅਤੇ ਫਿਰਕੂ ਅਧਾਰ 'ਤੇ ਸਮਾਜ ਨੂੰ ਫੁੱਟ, ਨਫਰਤ ਅਤੇ ਹਿੰਸਾ ਵੱਲ ਧੱਕ ਵੱਲ ਰਿਹਾ ਅਤੇ ਦੇਸ਼ ਵਿਚ ਫਾਸ਼ੀਵਾਦੀ ਮਾਹੌਲ ਪੈਦਾ ਕਰ ਰਿਹਾ ਹੈ।
ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਡਾਕਟਰ ਗਾਂਧੀ ਨੇ ਕਿਹਾ ਸਰਕਾਰ ਰਾਮ ਮੰਦਰ, ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਅਤੇ ਨਾਗਰਿਕਤਾ ਕਾਨੂੰਨ ਵਰਗੇ ਫਿਰਕੂ ਮੁੱਦਿਆਂ ਰਾਹੀਂ ਦੇਸ਼ ਵਿੱਚ ਡਰ ਅਤੇ ਨਫਰਤ ਦਾ ਮਹੌਲ ਪੈਦਾ ਕਰ ਰਹੀ ਹੈ।
ਇਹ ਵੀ ਪੜੋ: ਨਿਰਭਯਾ ਕੇਸ ਵਿੱਚ ਮੁਲਜ਼ਮ ਪਵਨ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
ਉਨ੍ਹਾਂ ਨੇ ਸਮੁੱਚੀਆਂ ਇਨਕਲਾਬੀ ਜਮਹੂਰੀ ਤੇ ਲੋਕ ਪੱਖੀ ਸ਼ਕਤੀਆ ਅਤੇ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਸ ਫ਼ਾਸੀਵਾਦੀ ਕਾਨੂੰਨ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਅਤੇ ਇਸ ਦੇ ਵਿਰੋਧ ਵਿੱਚ ਵਿਸ਼ਾਲ ਲਾਮਬੰਦੀ ਤੇ ਜਨਤਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ ਹੈ।