ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਚ ਬੁੱਧਵਾਰ ਨੂੰ ਗੁਰਨਾਮ ਸਿੰਘ ਅਕੀਦਾ ਦੀ ਲਿਖੀ ਮੌਲਿਕ ਪੁਸਤਕ 'ਦਫ਼ਾ 498-ਏ' ਰਿਲੀਜ਼ ਕੀਤੀ ਗਈ। ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਦੇ ਵੁਮੈਨ ਸਟੱਡੀ ਸੈਂਟਰ ਵੱਲੋਂ ਕਰਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿਚ ਵਾਈਸ ਚਾਂਸਲਰ ਅਤੇ ਕੌਮਾਂਤਰੀ ਪੱਧਰ ਦੇ ਵਿਦਵਾਨਾਂ ਨੇ ਰਿਲੀਜ਼ ਕੀਤੀ।
'ਦਫ਼ਾ 498-ਏ' ਨਾਮ ਦੀ ਇਸ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐਸ ਘੁੰਮਣ, ਅਲਬਰਨ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਐਲਨ ਫ਼ਰ, ਅਮਰੀਕਨ ਯੂਨੀਵਰਸਿਟੀ ਵਾਸੀਗਟਨ ਡੀਸੀ ਦੇ ਸਕਾਲਰ ਮੈਨਾ ਚਾਵਲਾ ਸਿੰਘ, ਮਹਿਲਾ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀਮਤੀ ਕਿਰਨਪ੍ਰੀਤ ਕੌਰ ਧਾਮੀ, ਵੁਮੈਨ ਸਟੱਡੀ ਸੈਂਟਰ ਦੀ ਡਾਇਰੈਕਟਰ ਡਾ. ਰੀਤੂ ਲਹਿਲ, ਡੀਨ ਅਕਾਦਮਿਕ ਮਾਮਲੇ ਡਾ. ਬੱਤਰਾ ਨੇ ਅਦਾ ਕੀਤੀ।
ਇਸ ਕਿਤਾਬ ਬਾਰੇ ਬੋਲਦਿਆਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਨੇ ਕਿਹਾ ਕਿ 'ਘਰੇਲੂ ਹਿੰਸਾ' 'ਤੇ ਖੋਜ ਭਰਪੂਰ ਲਿਖੀ ਗਈ ਇਸ ਕਿਤਾਬ ਦਾ ਸਵਾਗਤ ਕਰਨਾ ਬਣਦਾ ਹੈ, ਕਿਉਂਕਿ ਇੱਕ ਪੱਤਰਕਾਰ ਵੱਲੋਂ ਕਿਸੇ ਖ਼ਾਸ ਵਿਸ਼ੇ 'ਤੇ ਲਿਖੀ ਗਈ ਕਿਤਾਬ ਦੇ ਮਾਈਨੇ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਕਿਤਾਬ ਬਾਰੇ ਬੋਲਦਿਆਂ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਨੀਨਾ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਦਾਜ ਦਹੇਜ ਤੇ ਘਰੇਲੂ ਹਿੰਸਾ 'ਤੇ ਆਧਾਰਤ ਹੈ, ਜਿਸ ਨੂੰ ਲਿਖਣ ਲਈ ਲੇਖਕ ਨੇ ਅਜਿਹੇ 19 ਕੇਸਾਂ ਦੀ ਖੋਜ ਕੀਤੀ ਜੋ ਅਜਿਹੇ ਦੋਸ਼ਾਂ ਵਿਚ ਪੁਲੀਸ ਕੋਲ ਦਰਜ ਹੋਏ ਸਨ। ਦੋਵੇਂ ਪੱਖਾਂ ਦੀ ਖੋਜ ਕਰਨ ਤੋਂ ਬਾਅਦ ਲੇਖਕ ਨੇ 8 ਕਹਾਣੀਆਂ ਦਾ ਸੰਗ੍ਰਹਿ ਤਿਆਰ ਕੀਤਾ ਹੈ। ਜੋ ਸਾਹਿਤਕ ਤੌਰ ਤੇ ਪਾਠਕ ਦੀ ਰੁਚੀ ਵੀ ਬਣਾਉਂਦਾ ਹੈ ਤੇ ਸਮਾਜ ਵਿਚ ਦਫ਼ਾ 498 ਏ, 406, 506, 34 ਆਈਪੀਸੀ ਆਦਿ ਧਾਰਾਵਾਂ ਤਹਿਤ ਬਰਬਾਦ ਹੋ ਰਹੇ ਕਈ ਸਾਰੇ ਬੱਚਿਆਂ ਦਾ ਸੱਚ ਪੇਸ਼ ਕਰਦਾ ਹੈ।
ਇਸ ਕਿਤਾਬ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਜਿਹੇ ਕੇਸ ਦਰਜ ਕਰਨ ਤੋਂ ਪਹਿਲਾਂ ਪੁਲੀਸ ਨੂੰ ਸਾਰੇ ਪੱਖ ਵਾਚਣੇ ਚਾਹੀਦੇ ਹਨ ਤਾਂ ਕੇ ਕੋਈ ਬੇਗੁਨਾਹ ਪਰਿਵਾਰ ਤਬਾਹ ਨਾ ਹੋਵੇ। ਖੋਜ ਭਰਪੂਰ ਇਸ ਕਿਤਾਬ ਦਾ ਵਿਸ਼ਾ ਵਸਤੂ ਕਈ ਕਰੂਰ ਤੱਥ ਪੇਸ਼ ਕਰਦਾ ਹੈ ਕਿ ਅਸਲ ਵਿਚ ਕਾਰਨ ਕੋਈ ਹੋਰ ਹੁੰਦੇ ਹਨ ਪਰ ਪੁਲੀਸ ਕੋਲ ਕੋਈ ਹੋਰ ਧਾਰਾ ਨਾ ਹੋਣ ਕਰਕੇ 498-ਏ ਦੀ ਵਰਤੋਂ ਕਰਕੇ ਦੋ ਬੱਚਿਆਂ ਨੂੰ ਨੇੜੇ ਲਾਉਣ ਦੀ ਬਜਾਇ ਦੂਰ ਕੀਤਾ ਜਾਂਦਾ ਹੈ। ਜ਼ਰੂਰੀ ਨਹੀਂ ਕਿ ਕੁੜੀਆਂ ਦੀਆਂ ਸਾਰੀਆਂ ਸੱਸਾਂ, ਸਾਰੀਆਂ ਨਣਦਾਂ, ਸਾਰੀਆਂ ਜਠਾਣੀਆਂ, ਦਰਾਣੀਆਂ ਹੀ ਗਲਤ ਹੁੰਦੀਆਂ ਹਨ, ਕੁੜੀ ਤੇ ਕੁੜੀ ਦੇ ਮਾਪੇ ਵੀ ਜਾਣੇ ਅਨਜਾਣੇ ਵਿਚ ਵਿਆਹ ਤੋਂ ਬਾਅਦ ਵੀ ਕੁੜੀ ਤੇ ਆਪਣਾ ਹੱਕ ਨਹੀਂ ਛੱਡਦੇ। ਡਾ. ਸ਼ਰਮਾ ਨੇ ਕਿਹਾ ਇਸ ਵਿਸ਼ੇ ਨੂੰ ਹੋਰ ਵੀ ਖੋਜਣ ਦੀ ਲੋੜ ਹੈ।