ਪਟਿਆਲਾ: ਬੀਤੇ ਦਿਨੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਆਰ.ਟੀ.ਪੀ.ਸੀ.ਆਰ. ਸੈਂਪਲਿੰਗ ਸੰਬੰਧੀ ਯੂਨੀਵਰਸਿਟੀ ਕੈਂਪਸ ਵਿਖੇ ਮੁਫ਼ਤ ਕੋਰੋਨਾ ਸੈਂਪਲਿੰਗ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦੌਰਾਨ ਕੰਪਿਊਨਿਟੀ ਹੈਲਥ ਸੈਂਟਰ ਤ੍ਰਿਪੜੀ (ਸਿਵਲ ਸਰਜਨ, ਪਟਿਆਲ਼ਾ) ਦੀ ਟੀਮ ਵੱਲੋਂ 200 ਦੇ ਲਗਭਗ ਕੋਰੋਨਾ ਸੈਂਪਲ ਲਏ ਗਏ। ਇਸ ਕੈਂਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਡਾ. ਅਮ੍ਰਿਤਪਾਲ ਕੌਰ ਅਤੇ ਰਜਿਸਟਰਾਰ ਡਾ. ਡੀ.ਪੀ.ਐੱਸ. ਸਿੱਧੂ ਵੀ ਸ਼ਾਮਿਲ ਹੋਏ।
ਇਸ ਮੌਕੇ ਅਮ੍ਰਿਤਪਾਲ ਕੌਰ ਨੇ ਆਪਣੇ ਵਿਚਾਰ ਰੱਖਦਿਆਂ ਯੂਨੀਵਰਸਿਟੀ ਪਰਿਵਾਰ ਦੇ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਹਰੇਕ ਨੂੰ ਆਪਣੇ ਆਪ ਦਾ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਸੰਬੰਧੀ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਫੈਲਾਅ ਸੰਬੰਧੀ ਲੜੀ ਨੂੰ ਤੋੜਨ ਦੀ ਲੋੜ ਹੈ ਤਾਂ ਕਿ ਇਸ ਦੇ ਫੈਲਾਅ ਤੋਂ ਬਚਿਆ ਜਾ ਸਕੇ।
ਇਸ ਮੌਕੇ ਰਜਿਸਟਰਾਰ ਡਾ. ਡੀ.ਪੀ.ਐੱਸ. ਸਿੱਧੂ ਨੇ ਭਾਈ ਘਨੱਈਆ ਹੈਲਥ ਸੈਂਟਰ ਦੇ ਸੀ.ਐਮ.ਓ. ਡਾ. ਰੇਗਿਨਾ ਮੈਨੀ ਅਤੇ ਸਾਰੇ ਸਟਾਫ਼ ਦੀ ਇਸ ਉੱਦਮ ਲਈ ਸ਼ਲਾਘਾ ਕੀਤੀ। ਡਾ. ਰੇਗਿਨਾ ਮੈਨੀ ਨੇ ਆਪਣੇ ਵਿਚਾਰ ਰਖਦਿਆਂ ਕਿਹਾ ਇਹ ਕੈਂਪ ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਨਾਲ ਸੰਬੰਧਤ ਜਾਰੀ ਹਦਾਇਤਾਂ ਅਨੁਸਾਰ ਲਗਵਾਇਆ ਗਿਆ ਅਤੇ ਸੀ. ਐੱਚ.ਸੀ. ਤ੍ਰਿਪੜੀ (ਸਿਵਲ ਸਰਜਨ, ਪਟਿਆਲਾ) ਦੇ ਐਸ.ਐਮ.ਓ. ਡਾ. ਵਿਕਾਸ ਗੋਇਲ ਅਤੇ ਉਨ੍ਹਾਂ ਦੀ ਸਾਰੀ ਟੀਮ ਦੇ ਸਹਿਯੋਗ ਨਾਲ ਸੈਂਪਲਿੰਗ ਕੀਤੀ ਗਈ।