ਪਠਾਨਕੋਟ: ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਸ਼ਨਿੱਚਰਵਾਰ ਨੂੰ ਪਠਾਨਕੋਟ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਦੇ ਦਫ਼ਤਰ ਵਿੱਚ ਮੁਲਾਕਾਤ ਕਰਨ ਲਈ ਪਹੁੰਚੇ ਅਤੇ ਇਸ ਦੌਰਾਨ ਸਨੀ ਦਿਓਲ ਨੇ ਲਾਅ ਐਂਡ ਆਰਡਰ ਅਤੇ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ।
ਇਸ ਦੇ ਨਾਲ ਹੀ ਸੰਨੀ ਦਿਓਲ ਵੱਲੋਂ ਜੋ ਐਸਐਸਪੀ ਦਫ਼ਤਰ ਵਿੱਚ ਕਮਾਂਡਰ ਸੈਂਟਰ ਬਣਾਉਣ ਦੇ ਲਈ ਫੰਡ ਵੀ ਜਾਰੀ ਕੀਤਾ ਸੀ ਜੋ ਕਿ ਬਣ ਕੇ ਤਿਆਰ ਹੋ ਚੁੱਕਿਆ ਹੈ। ਐੱਸਐੱਸਪੀ ਪਠਾਨਕੋਟ ਵੱਲੋਂ ਸਨੀ ਦਿਓਲ ਨੂੰ ਕਮਾਂਡਰ ਸੈਂਟਰ ਵੀ ਵਿਖਾਇਆ ਗਿਆ, ਜਿੱਥੇ ਸ਼ਹਿਰ ਦੀਆਂ ਕਈ ਥਾਵਾਂ 'ਤੇ ਡਾਇਰੈਕਟ ਫੀਡ ਪਠਾਨਕੋਟ ਦੇ ਦਫ਼ਤਰ ਵਿੱਚ ਵੇਖੀ ਜਾ ਸਕਦੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸੰਸਦ ਮੈਂਬਰ ਸੰਨੀ ਦਿਓਲ ਦੇ ਨਾਲ ਪਠਾਨਕੋਟ ਦੇ ਸਰਹੱਦੀ ਖੇਤਰ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚਰਚਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਸਨੀ ਦਿਓਲ ਨੇ ਪਠਾਨਕੋਟ ਦੇ ਡੀਸੀ ਨਾਲ ਮੁਲਾਕਾਤ ਕਰਕੇ ਹਲਕੇ ਵਿੱਚ ਕੋਰੋਨਾ ਦਾ ਅਪਡੇਟ ਲਿਆ ਸੀ ਅਤੇ ਵਿਕਾਸ ਕੰਮਾਂ ਦੀ ਰਿਪੋਰਟ ਮੰਗੀ ਸੀ।