ਪਠਾਨਕੋਟ:ਕੋਰੋਨਾ ਕਾਲ ਤੋਂ ਬਾਅਦ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਸੂਬੇ ਭਰ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਖੁੱਲ੍ਹ ਚੁੱਕੇ ਹਨ। ਇਸ ਦੇ ਚੱਲਦਿਆਂ ਪਠਾਨਕੋਟ ਦੇ ਜ਼ਿਲ੍ਹੇ ਦੇ ਸਕੂਲਾਂ 'ਚ ਪਹੁੰਚੇ ਵਿਦਿਆਰਥੀਆਂ 'ਚ ਖੁਸ਼ੀ ਦੀ ਲਹਿਰ ਵੇਖੀ ਗਈ।
ਇਸ ਬਾਰੇ ਦੱਸਦੇ ਹੋਏ ਸਥਾਨਕ ਗੈਰ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਰਾਮਮੂਰਤੀ ਸ਼ਰਮਾ ਨੇ ਦੱਸਿਆ ਕਿ ਮੁੜ ਸਕੂਲ ਖੁੱਲ੍ਹਣ 'ਤੇ ਉਨ੍ਹਾਂ ਦੇ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 75 ਫੀਸਦੀ ਤੱਕ ਰਹੀ। ਉਨ੍ਹਾਂ ਦੱਸਿਆ ਕਿ ਸਕੂਲ ਦੀ ਸ਼ੂਰੁਆਤ ਮਾਪਿਆਂ ਤੇ ਅਧਿਆਪਕਾਂ ਦੀ ਮਿਲਣੀ ਨਾਲ ਹੋਈ।
ਪ੍ਰਿੰਸੀਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 'ਚ ਹਾਜ਼ਰੀ ਲਾਜ਼ਮੀ ਹੋਵੇਗੀ। ਸਕੂਲ 'ਚ ਬੱਚਿਆਂ ਨੂੰ ਬਿਠਾਉਣ ਤੋਂ ਪਹਿਲਾਂ ਮਾਪਿਆਂ ਦੀ ਲਿਖਤੀ ਰਜ਼ਾਮੰਦੀ ਲਈ ਜਾ ਰਹੀ ਹੈ। ਇਸ ਦੌਰਾਨ ਜੋ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਨੇ ਉਨ੍ਹਾਂ ਕੋਲੋਂ ਲਿਖਿਤ ਰੂਪ ਵਿੱਚ ਇੱਕ ਕਨਸੈਂਟ ਸਾਈਨ ਕਰਵਾਇਆ ਜਾ ਰਿਹਾ ਹੈ।
ਇਸ ਵਿੱਚ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਭੇਜਣ ਵੇਲੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਤੇ ਉਹ ਆਪ ਚਾਹੁੰਦੇ ਨੇ ਕਿ ਬੱਚੇ ਸਕੂਲ ਵਿੱਚ ਜਾ ਕੇ ਹੀ ਪੜ੍ਹਾਈ ਕਰਨ। ਇਸ ਤੋਂ ਇਲਾਵਾ ਸਕੂਲ ਆਉਂਣ ਸਮੇਂ ਵਿਦਿਆਰਥੀਆਂ ਦੀ ਸਕ੍ਰੀਨਿੰਗ, ਹੈਡ ਸੈਨੇਟਾਈਜ਼ ਕਰਨ ਤੇ ਕੋਰੋਨਾ ਤੋਂ ਬਚਾਅ ਸਬੰਧੀ ਸਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।