ਪਠਾਨਕੋਟ : ਆਪਰੇਸ਼ਨ ਸੀਜ਼ ਤਹਿਤ ਅੱਜ ਸਾਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਉੱਥੇ ਹੀ, ਪਠਾਨਕੋਟ ਪੁਲਿਸ ਨੇ ਵੀ ਪੰਜਾਬ ਦੇ ਨਾਲ ਲੱਗਦੇ ਜੰਮੂ ਤੇ ਪੰਜਾਬ ਹਿਮਾਚਲ ਇੰਟਰ ਸਟੇਟ ਨਾਕਿਆਂ ਉੱਤੇ ਨਾਕੇਬੰਦੀ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਚੈਕਿੰਗ ਅਭਿਆਨ ਦੌਰਾਨ ਹਰ ਵਾਹਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਐਸਪੀ ਮਨੋਜ ਠਾਕੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਾ ਮਕਸਦ ਦੂਜੇ ਰਾਜਾਂ ਚੋਂ ਆਉਣ ਵਾਲੀਆਂ ਗੱਡੀਆਂ ਚੈਕ ਕਰਨਾ ਹੈ, ਤਾਂ ਜੋ ਕੋਈ ਸ਼ਰਾਰਤੀ ਅਨਸਰ ਨਸ਼ਾ ਤਸਕਰੀ ਨਾ ਕਰ ਸਕੇ। ਇਸ ਉੱਤੇ ਨਕੇਲ ਕੱਸੀ ਜਾ ਸਕੇ।
ਐਸਪੀ ਮਨੋਜ ਠਾਕੁਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਟਰਸਟੇਟ ਨਾਕਿਆਂ ਉੱਤੇ ਨਾਕੇਬੰਦੀ ਕੀਤੀ ਗਈ। ਇਸ ਨਾਕੇਬੰਦੀ ਰਾਹੀਂ ਪੁਲਿਸ ਦੂਜੇ ਸੂਬਿਆਂ ਚੋਂ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਕਰ ਰਹੀ ਹੈ, ਤਾਂ ਜੋ ਨਸ਼ਾ ਤਸਕਰਾਂ ਉੱਤੇ ਸ਼ਿਕੰਜਾ ਕੱਸਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਦੇ ਇੰਟਰ ਸਟੇਟ ਇਲਾਕਿਆਂ ਵਿੱਚ ਨਾਕੇਬੰਦੀ ਚੱਲ ਰਹੀ ਹੈ। ਇਹ ਨਾਕਾਬੰਦੀ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਜਿਸ ਕੋਲੋਂ ਵੀ ਕੋਈ ਨਸ਼ੇ ਵਰਗੀ ਜਾਂ ਸ਼ੱਕੀ ਵਸਤੂ ਬਰਾਮਦ ਹੁੰਦੀ ਹੈ, ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼ਨੀਵਾਰ ਬਰਾਮਦ ਕੀਤੀ ਗਈ 20 ਕਿੱਲੋ ਹੈਰੋਇਨ : ਇਸ ਤੋਂ ਪਹਿਲਾਂ ਗੁਰਦਾਸਪੁਰ ਵਿਖੇ ਡੇਰਾ ਬਾਬਾ ਰੋਡ 113 ਬਟਾਲੀਅਨ ਦੇ ਇਲਾਕੇ 'ਚ ਸ਼ਨੀਵਾਰ ਸਵੇਰੇ ਪਾਕਿਸਤਾਨ ਵੱਲੋਂ ਸਰਹੱਦ ਤੋਂ ਪਾਈਪ ਰਾਹੀਂ ਪੰਜਾਬ ਵਿੱਚ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਸਰਹੱਦ 'ਤੇ ਤਾਇਨਾਤ ਚੌਕਸ ਜਵਾਨਾਂ ਨੇ ਤੁਰੰਤ ਹਲਚਲ ਦੇਖਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ।
ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਪਾਕਿਸਤਾਨ ਵੱਲੋਂ ਜਵਾਨਾਂ ਨੂੰ ਹਲਚਲ ਮਹਿਸੂਸ ਹੋਈ ਸੀ। ਇਸ ਉਤੇ ਕਾਰਵਾਈ ਕਰਦਿਆਂ ਜਵਾਨਾਂ ਨੇ ਫਾਇਰਿੰਗ ਸ਼ੁਰੂ ਕੀਤੀ, ਪਰ ਤਸਕਰਾਂ ਭਾਰਤ ਵੱਲ ਨਸ਼ਾ ਅਤੇ ਹਥਿਆਰ ਸੁੱਟ ਦਿੱਤੇ, ਜੋ ਕਿ ਬੀਐੱਸਐੱਫ ਨੇ ਜ਼ਬਤ ਕਰ ਲਏ। ਪੁਲਿਸ ਤੇ ਫੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਵਾਨਾਂ ਵੱਲੋਂ 20 ਪੈਕੇਟ ਹੈਰੋਇਨ, ਇਕ ਚੀਨੀ ਪਿਸਤੌਲ, ਇਕ ਮੇਡ ਇਨ ਤੁਰਕੀ ਪਿਸਤੌਲ, 6 ਮੈਗਜ਼ੀਨ ਤੇ 242 ਕਾਰਤੂਸ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ: Gurdaspur Police Action: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 13 ਮੈਂਬਰ ਪੁਲਿਸ ਵੱਲੋਂ ਗ੍ਰਿਫ਼ਤਾਰ, ਕਾਰ ਤੇ ਹਥਿਆਰ ਵੀ ਬਰਾਮਦ