ਪਠਾਨਕੋਟ: ਜੰਗਲਾਤ ਇਲਾਕੇ ਨਾਲ ਲਗਦੇ ਕਈ ਪਿੰਡਾਂ ਦੇ ਕਿਸਾਨਾਂ ਨੂੰ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੰਗਲੀ ਜਾਨਵਰ ਖ਼ਾਸ ਕਰਕੇ ਜੰਗਲੀ ਸੂਰ ਰਾਤ ਨੂੰ ਵੱਡੀ ਗਿਣਤੀ ਵਿੱਚ ਜੰਗਲ ਤੋਂ ਨਿਕਲਦੇ ਹਨ ਅਤੇ ਉਹਨਾਂ ਦੀਆਂ ਫ਼ਸਲਾਂ ਤਬਾਹ ਕਰ ਦਿੰਦੇ ਹਨ। ਗੰਨੇ ਅਤੇ ਮੱਕੀ ਦੀਆਂ ਫ਼ਸਲਾਂ ਨੂੰ ਖ਼ਾਸ ਕਰਕੇ ਜੰਗਲੀ ਜਾਨਵਰ ਆਪਣਾ ਨਿਸ਼ਾਨਾ ਬਣਾਉਂਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਜੰਗਲੀ ਸੂਰ ਝੁੰਡਾਂ 'ਚ ਆਉਂਦੇ ਹਨ ਅਤੇ ਉਨ੍ਹਾਂ ਦੀ ਫ਼ਸਲਾਂ ਨੂੰ ਤਬਾਹ ਕਰ ਜਾਂਦੇ ਹਨ ਜਿਸ ਤੋਂ ਤੰਗ ਆ ਕੇ ਪਿੰਡਾਂ ਦੇ ਕਿਸਾਨਾਂ ਨੇ ਮੱਕੀ ਦੀ ਫ਼ਸਲ ਨੂੰ ਲਾਉਣਾ ਹੀ ਬੰਦ ਕਰ ਦਿੱਤਾ। ਕਿਸਾਨਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੰਗਲਾਂ ਦੇ ਇਲਾਕੇ ਦੇ ਚਾਰੋਂ ਪਾਸੇ ਕੰਟੀਲੀ ਤਾਰ ਲਾਈ ਜਾਵੇ ਤਾਂ ਕਿ ਜੰਗਲੀ ਜਾਨਵਰ ਜੰਗਲ ਤੋਂ ਬਾਹਰ ਨਾ ਆ ਸਕਣ।
ਇਹ ਵੀ ਪੜ੍ਹੋ: 'ਜੇ ਮੰਗਾਂ ਨਹੀਂ ਮੰਨੀਆਂ ਤਾਂ ਬਠਿੰਡਾ ਹੋਵੇਗਾ ਬੰਦ'
ਕਿਸਾਨਾਂ ਨੇ ਦੱਸਿਆ ਕਿ ਜੰਗਲੀ ਸੂਰ ਦੇ ਡਰ ਤੋਂ ਉਨ੍ਹਾਂ ਨੇ ਮੱਕੀ ਦੀ ਫ਼ਸਲ ਨੂੰ ਲਾਉਣਾ ਹੀ ਬੰਦ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਤਿੰਨ ਏਕੜ ਦੇ ਵਿੱਚ ਮੱਕੀ ਦੀ ਫ਼ਸਲ ਲਗਾਈ ਗਈ ਸੀ ਜਿਸ ਨੂੰ ਜੰਗਲੀ ਸੂਰਾਂ ਨੇ ਬਰਬਾਦ ਕਰ ਦਿੱਤਾ ਸੀ।