ਪਠਾਨਕੋਟ: ਸ਼ਹਿਰ ਦੀ ਸਰਨਾ ਮੰਡੀ ਵਿੱਚ ਕਿਸਾਨਾਂ ਦੀ ਮਿਹਨਤ ਰੁਲ਼ਦੀ ਵੇਖੀ ਗਈ। ਬੀਤੇ ਰਾਤ ਪਏ ਮੀਂਹ ਕਾਰਨ ਮੰਡੀ ਵਿੱਚ ਪਿਆ ਝੋਨਾ ਖ਼ਰਾਬ ਹੋ ਗਿਆ ਹੈ। ਕਿਸਾਨਾਂ ਨੂੰ ਮੌਜੂਦਾ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਹ ਮੰਡੀ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਕੱਚੀ ਹੈ ਜਿਸ ਦਾ ਭੁਗਤਾਨ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ।
ਪਠਾਨਕੋਟ ਦੀ ਸਰਨਾ ਮੰਡੀ ਵਿਚ ਜਿੱਥੇ, ਬੀਤੀ ਰਾਤ ਪਏ ਮੀਂਹ ਕਾਰਨ ਮੰਡੀ ਵਿੱਚ ਪਾਣੀ-ਪਾਣੀ ਹੋ ਗਿਆ। ਇਸ ਮੰਡੀ ਵਿੱਚ 70 ਪਿੰਡਾਂ ਦੇ ਕਿਸਾਨ ਆਪਣੀ ਫ਼ਸਲ ਲੈ ਕੇ ਆਉਂਦੇ ਹਨ, ਪਰ ਮੰਡੀ ਕੱਚੀ ਹੋਣ ਕਾਰਨ ਖੁੱਲੇ ਆਸਮਾਨ ਹੇਠਾਂ ਪਈ ਫ਼ਸਲ ਖ਼ਰਾਬ ਹੁੰਦੀ ਰਹੀ।
ਕਿਸਾਨਾਂ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀਆਂ ਦਾ ਸਹੀ ਪ੍ਰਬੰਧ ਕੀਤਾ ਹੁੰਦਾ ਤਾਂ ਪਾਣੀ ਵਿੱਚ ਇਹ ਬੋਰੀਆਂ ਗਿੱਲ੍ਹੀਆਂ ਨਾ ਹੁੰਦੀਆਂ। ਉਨ੍ਹਾਂ ਨੇ ਕਿਹਾ ਸਰਕਾਰ ਵਲੋਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਮਿਹਨਤ ਇੱਕ ਰਾਤ ਪਏ ਮੀਂਹ ਨੇ ਰੋੜ ਦਿੱਤੀ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਨਾ ਮੰਡੀ ਨੂੰ ਜਲਦ ਪੱਕਾ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਨਾ ਹੋਣ।
ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਰੱਖੀ 500 ਰੁਪਏ ਫੀਸ: ਸੂਤਰ
ਦੂਜੇ ਪਾਸੇ, ਜਦੋ ਇਸ ਬਾਰੇ ਮਾਰਕੀਟ ਕਮੇਟੀ ਦੇ ਇੰਸਪੈਕਟਰ ਰਜਨੀਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਬੰਧ ਤਾਂ ਸਹੀ ਹਨ, ਬਸ ਮੰਡੀ ਕੱਚੀ ਹੋਣ ਕਾਰਨ ਇਹ ਨੁਕਸਾਨ ਹੋਇਆ ਹੈ।