ਫਿਰੋਜ਼ਪੁਰ: ਰਾਜ ਪੱਧਰੀ ਬਸੰਤ ਮੇਲਾ ਤੇ ਪਤੰਗਬਾਜ਼ੀ ਮੁਕਾਬਲਾ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ 'ਚ ਕਰਵਾਇਆ ਗਿਆ। ਇੱਥੇ ਪਤੰਗਬਾਜੀ ਦੇ ਮੁਕਾਬਲੇ ਹੋਏ ਅਤੇ ਮਨੋਰੰਜਨ ਲਈ ਪੰਜਾਬੀ ਗਾਇਕਾਂ ਨੇ ਰੰਗ ਬੰਨ੍ਹਿਆ। ਮੇਲਾ ਦੇਖਣ ਆਏ ਲੋਕਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਕੋਈ ਪਤੰਗਬਾਜੀ ਕਰਦਾ ਅਤੇ ਕੋਈ ਸੈਲਫੀ ਪੁਆਇੰਟ ਉੱਤੇ ਸੈਲਫੀਆਂ ਲੈਂਦਾ ਨਜ਼ਰ ਆਇਆ। ਕਈ ਦਰਸ਼ਕ ਗੀਤਾਂ ਉੱਤੇ ਭੰਗੜੇ ਪਾ ਆਨੰਦ ਮਾਣਦੇ ਵੇਖੇ ਗਏ। ਕੁੱਲ ਮਿਲਾ ਕੇ ਫਿਰੋਜ਼ਪੁਰ ਦਾ ਇਹ ਬਸੰਤ ਮੇਲਾ ਬੇਹੱਦ ਵਧੀਆ ਗਿਆ, ਜਿੱਥੇ ਲੋਕਾਂ ਨੇ ਹੋਰ ਸ਼ਹਿਰਾਂ ਤੋਂ ਆ ਕੇ ਵੀ ਪੂਰਾ ਆਨੰਦ ਲਿਆ।
ਭਾਰਤ ਭੂਸ਼ਣ ਬਣੇ 'ਸਭ ਤੋਂ ਵੱਡੇ ਪਤੰਗਬਾਜ਼'
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪਤੰਗਬਾਜ਼ੀ ਦਾ ਪਹਿਲਾਂ 2 ਲੱਖ ਰੁਪਏ ਦਾ ਇਨਾਮ ਜਿੱਤਣ ਵਾਲੇ ਭਾਰਤ ਭੂਸ਼ਣ ਨੇ ਦੱਸਿਆ ਕਿ, 'ਉਸ ਨੂੰ ਬਚਪਨ ਤੋਂ ਹੀ ਪਤੰਗ ਉਡਾਉਣ ਦਾ ਬਹੁਤ ਸ਼ੌਂਕ ਹੈ। ਇੱਥੋ ਤੱਕ ਕਿ ਬਚਪਨ ਵਿੱਚ ਪਤੰਗ ਉਡਾਉਂਦੇ ਹੋਏ ਇਕ ਵਾਰ ਉਸ ਦੀ ਲੱਤ ਵੀ ਟੁੱਟ ਗਈ ਸੀ। ਸਕੂਲ ਫੱਟੀ ਲੈ ਕੇ ਜਾਣਾ, ਮਾਂਪਿਆਂ ਤੋਂ ਚੋਰੀ ਪਤੰਗ ਲੈ ਕੇ ਉਡਾਉਣ ਲੱਗ ਪੈਂਦੇ ਸੀ।'
ਮੈਂ 24 ਨੰਬਰ ਵਰਧਮਾਨ ਧਾਗੇ ਨਾਲ ਪਤੰਗ ਉਡਾਇਆ ਹੈ। 2 ਲੱਖ ਰੁਪਏ ਅੱਜ ਇਨਾਮ ਜਿੱਤਿਆ, ਬਹੁਤ ਖੁਸ਼ੀ ਹੋ ਰਹੀ ਹੈ। ਬੱਚੇ ਦੀ ਪੜ੍ਹਾਈ ਉੱਤੇ ਪੈਸੇ ਖ਼ਰਚ ਕਰਾਂਗਾ। ਬਚਪਨ ਤੋਂ ਪਤੰਗਬਾਜ਼ੀ ਕਰਨ ਦਾ ਸ਼ੌਂਕੀਨ ਹਾਂ। ਚਾਈਨਾ ਡੋਰ ਦੇ ਮੈਂ ਖੁਦ ਖਿਲਾਫ ਹਾਂ। ਮੈਂ ਸੋਸ਼ਲ ਵਰਕਰ ਵੀ ਹਾਂ ਅਤੇ ਚਾਈਨਾ ਡੋਰ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਇਨਾਮ ਦਿਆਂਗਾ ਅਤੇ ਚਾਈਨਾ ਡੋਰ ਵੇਚਣ ਵਾਲੇ ਵਿਰੁੱਧ ਖੁਦ ਕਾਰਵਾਈ ਕਰਵਾਉਂਗਾ। - ਭਾਰਤ ਭੂਸ਼ਣ, ਪਤੰਗਬਾਜੀ ਜੇਤੂ
'ਚਾਈਨਾ ਡੋਰ ਤੋਂ ਗੁਰੇਜ਼ ਕਰੋ, ਧਾਗੇ ਦੀ ਵਰਤੋਂ ਕਰੋ'
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਰਾਜ ਪੱਧਰੀ ਪਤੰਗਬਾਜ਼ੀ ਮੇਲਾ ਕਰਵਾਇਆ ਗਿਆ, ਜਿਸ ਦੀਆਂ ਤਿਆਰੀਆਂ ਪਿਛਲੇ ਕੁਝ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ। ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਵੀ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦੂਜਾ ਇਹ ਮੇਲਾ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਕਰਵਾਇਆ ਗਿਆ ਹੈ। ਇਸ ਵਿੱਚ ਫਿਰੋਜ਼ਪੁਰ ਵਾਸੀਆਂ ਦਾ ਬਹੁਤ ਜਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਜਿੱਥੇ ਚਾਈਨਾ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਧਾਗੇ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਉਨ੍ਹਾਂ ਦੀ ਅਤੇ ਰਾਹਗੀਰਾਂ ਅਤੇ ਪੰਛੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
10 ਸਾਲ ਦੀ ਬੱਚੀ ਨੇ ਵੀ ਜਿੱਤੇ 50 ਹਜ਼ਾਰ ਰੁਪਏ
ਇਸ ਮੌਕੇ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਇਨਾਮ ਮਾਇਨੇ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਜੋ ਇਹ ਪਰੰਪਰਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਹੈ। ਇਹ ਅੱਗੇ ਵੀ ਬਰਕਰਾਰ ਰਹੇ ਤੇ ਇਹ ਨਾਮ ਦੀ ਰਾਸ਼ੀ ਕੋਈ ਜਿਆਦਾ ਮਾਇਨੇ ਨਹੀਂ ਰੱਖਦੀ ਲੋਕਾਂ ਦਾ ਪਿਆਰ ਮਾਇਨੇ ਰੱਖਦਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇੱਕ 10 ਸਾਲ ਦੀ ਕੀਰਤੀ ਨਾਮ ਦੀ ਬੱਚੀ ਜੋ ਹੈਂਡੀਕੈਪ ਹੈ, ਉਸ ਨੇ ਵੀ ਇਸ ਮੇਲੇ ਵਿੱਚ ਮੁਕਾਬਲੇ ਦੌਰਾਨ ਹਿੱਸਾ ਲਿਆ ਸੀ ਤੇ ਉਹ 50 ਹਜ਼ਾਰ ਦਾ ਇਨਾਮ ਜਿੱਤ ਕੇ ਇਥੋਂ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਇੰਤਜਾਮ ਫਿਰੋਜ਼ਪੁਰ ਵਾਸੀਆ ਲਈ ਕੀਤੇ ਗਏ ਅਤੇ ਲੋਕਾਂ ਦਾ ਵੀ ਉਹ ਧੰਨਵਾਦ ਕਰਦੇ ਹਨ।