ਪਠਾਨਕੋਟ: ਦੁਨੀਆਂ ਵਿੱਚ ਲੱਖਾਂ ਹੀ ਸ਼ਿਵਲਿੰਗ ਹਨ ਜਿਸ ਨੂੰ ਸ਼ਿਵ ਭਗਤ ਪੁਜਦੇ ਹਨ, ਪਰ ਇਕ ਅਜਿਹਾ ਸ਼ਿਵਲਿੰਗ ਵੀ ਹੈ ਜਿਸ ਵਿੱਚ ਇਨਸਾਨੀ ਸਰੀਰ ਦੀ ਤਰ੍ਹਾਂ ਨਸਾ ਵਿਖਾਈ ਦਿੰਦੀਆਂ ਹਨ। ਇਹ ਉਹੀ ਸ਼ਿਵਲਿੰਗ ਹੈ ਜਿਸ ਦੀ ਪੂਜਾ ਬਨਵਾਸ ਦੇ ਦੌਰਾਨ ਪਾਂਡਵ ਕਰਦੇ ਸਨ।
ਇਹ ਸ਼ਿਵਲਿੰਗ ਪਾਂਡਵਾਂ ਵੱਲੋਂ ਹੀ ਸਥਾਪਿਤ ਕੀਤਾ ਗਿਆ ਸੀ ਅਤੇ ਸਾਢੇ ਪੰਜ ਹਜ਼ਾਰ ਸਾਲ ਬਾਅਦ ਅੱਜ ਵੀ ਸ਼ਿਵਲਿੰਗ ਇੱਥੇ ਮੌਜੂਦ ਹੈ। ਇਸ ਸ਼ਿਵਲਿੰਗ ਨੂੰ ਸਥਾਪਿਤ ਕਰਨ ਤੋਂ ਲੈ ਕੇ ਹੁਣ ਤੱਕ ਦੀਆਂ ਕਈ ਕਹਾਣੀਆਂ ਇਸ ਦੇ ਨਾਲ ਜੁੜੀਆਂ ਹੋਈਆਂ ਹਨ।
ਗੁਫਾ ਵਿੱਚ ਸਥਾਪਿਤ ਹੈ ਸ਼ਿਵਲਿੰਗ
ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਧਾਰ ਦੇ ਪਿੰਡ ਡੂੰਘ ਵਿੱਚ ਇਹ ਇਤਿਹਾਸਿਕ ਸ਼ਿਵਲਿੰਗ ਪਹਾੜਾਂ ਨੂੰ ਚੀਰ ਕੇ ਬਣਾਈ ਗਈ ਗੁਫਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ। ਪਠਾਨਕੋਟ ਤੋਂ ਇਸ ਜਗ੍ਹਾ ਦੀ ਦੂਰੀ ਲਗਭਗ 20 ਕਿਲੋਮੀਟਰ ਹੈ। ਇਸ ਸਥਾਨ ਨੂੰ ਮੁਕਤੇਸ਼ਵਰ ਧਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਗੁਫਾਵਾਂ ਲਗਭਗ ਸਾਢੇ ਪੰਜ ਹਜ਼ਾਰ ਸਾਲ ਤੋਂ ਵੀ ਪਹਿਲਾਂ ਦੁਆਪਰ ਯੁੱਗ ਵਿੱਚ ਬਨਵਾਸ ਦੇ ਦੌਰਾਨ ਪਾਂਡਵਾਂ ਵੱਲੋਂ ਬਣਾਈਆ ਗਈਆ ਸੀ। ਉਸ ਦੌਰਾਨ ਪਾਂਡਵ ਇੱਥੋਂ ਦੇ ਸੰਘਣੇ ਜੰਗਲਾਂ ਵਿੱਚ ਪੁੱਜੇ ਅਤੇ ਅਰਜੁਨ ਨੇ ਤੀਰ ਨਾਲ ਪਹਾੜਾਂ ਨੂੰ ਚੀਰ ਕੇ ਗੁਫਾਵਾਂ ਬਣਾਈਆਂ ਸੀ। ਇੱਥੇ ਇੱਕ ਨਹੀਂ ਬਲਕਿ ਪੰਜ ਗੁਫਾਵਾਂ ਬਣੀਆਂ ਸੀ।
ਗੁਫ਼ਾ 'ਚ ਹੈ ਯੁਧਿਸ਼ਟਰ ਦਾ ਸਿੰਘਾਸਨ
ਇੱਕ ਗੁਫ਼ਾ ਸਭ ਤੋਂ ਵੱਡੀ ਹੈ ਜਿਥੇ ਯੁਧਿਸ਼ਟਰ ਦਾ ਸਿੰਘਾਸਨ ਅਤੇ ਦਰੋਪਤੀ ਦੀ ਰਸੋਈ ਅਤੇ ਸ਼ਿਵਲਿੰਗ ਵਾਲਾ ਪੂਜਾ ਸਥਲ ਬਣਾਇਆ ਗਿਆ ਹੈ। ਇੱਥੇ ਆਪਣੀ ਗੱਦੀ ਉੱਤੇ ਬਹਿ ਕੇ ਯੁਧਿਸ਼ਟਰ ਆਪਣੇ ਭਰਾਵਾਂ ਨਾਲ ਵਿਚਾਰ ਕਰਿਆ ਕਰਦੇ ਸਨ। ਇੱਥੇ ਯੁਧਿਸ਼ਟਰ ਦਾ ਤੂਨਾ ਅਤੇ ਗਰਭ ਗੁਫਾ ਬਣੀ ਹੈ। ਇਸੇ ਥਾਂ ਤੇ ਤੇਲ ਕੱਢਣ ਦੇ ਲਈ ਭੀਮ ਵਲੋਂ ਕੋਹਲੂ ਵੀ ਬਣਾਇਆ ਗਿਆ ਸੀ।
ਮੰਨਿਆ ਜਾਂਦਾ ਹੈ ਕਿ ਇੱਕ ਵਾਰ ਜਦ ਕੋਹਲੂ ਤੋਂ ਤੇਲ ਨਹੀਂ ਨਿਕਲਿਆ ਤਾਂ ਗੁੱਸੇ ਵਿੱਚ ਭੀਮ ਨੇ ਕੋਹਲੂ ਨੂੰ ਪੁੱਟ ਕੇ ਦੂਰ ਸੁੱਟ ਦਿੱਤਾ ਸੀ। ਅੱਜ ਉਹ ਜਗ੍ਹਾ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਪੈਂਦੀ ਹੈ ਜਿੱਥੇ ਭੀਮ ਦਾ ਕੋਹਲੂ ਡਿੱਗਿਆ ਸੀ। ਮੰਨਿਆ ਜਾਂਦਾ ਹੈ ਕਿ ਗੁਫ਼ਾਵਾਂ ਵਿੱਚ ਅੱਜ ਵੀ ਅਰਜੁਨ ਦੇ ਤੀਰ ਦੇ ਨਿਸ਼ਾਨ ਦਿਖਾਈ ਦਿੰਦੇ ਹਨ।
ਇਨ੍ਹਾਂ ਗੁਫ਼ਾਵਾਂ ਦੇ ਅੰਦਰ ਹੀ ਦੀਵਾਰਾਂ ਤੇ ਕਈ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ। ਪਹਾੜ ਉੱਤੇ ਬਣੀਆਂ ਇਨ੍ਹਾਂ ਗੁਫ਼ਾਵਾਂ ਤੱਕ ਪੁੱਜਣ ਦੇ ਲਈ ਕਈ ਪੌੜੀਆਂ ਉਤਰਨੀਆਂ ਪੈਂਦੀਆਂ ਹਨ
ਖ਼ਤਰੇ ਵਿੱਚ ਹੈ ਮੁਕਤੇਸ਼ਵਰ ਧਾਮ ਮੰਦਰ ਦੀ ਹੋਂਦ
ਇੱਥੇ ਹਰ ਸਾਲ ਮੇਲੇ ਵਿੱਚ ਲਗਭਗ ਦੋ ਲੱਖ ਦੇ ਨੇੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਦੁਆਪਰ ਯੁੱਗ ਦੀਆਂ ਕਈ ਕਹਾਣੀਆਂ ਦੇ ਨਾਲ ਜੁੜਿਆ ਮੁਕਤੇਸ਼ਵਰ ਧਾਮ ਮੰਦਰ ਅੱਜ ਖ਼ੁਦ ਖ਼ਤਰੇ ਵਿੱਚ ਹੈ। ਰਣਜੀਤ ਸਾਗਰ ਡੈਮ ਬਣਨ ਦੇ ਵੇਲੇ ਹੀ ਭੀਮ ਦੀ ਗੁਫਾ ਆਪਣੀ ਪਛਾਣ ਖੋਹ ਚੁੱਕੀ ਹੈ। ਉੱਥੇ ਪੰਜਾਬ ਸਰਕਾਰ ਸ਼ਪੁਰਕਾਂਡੀ ਨਾਂਅ ਦਾ ਦੂਜਾ ਡੈਮ ਬਣਾ ਰਹੀ ਹੈ। ਇਸ ਨਾਲ ਮੁਕਤੇਸ਼ਵਰ ਧਾਮ ਦੇ ਮੰਦਰ ਦੀ ਹੋਂਦ ਵੀ ਖਤਰੇ ਵਿੱਚ ਹੈ।
ਡੈਮ ਦਾ ਕੰਮ ਕੁਝ ਸਾਲਾਂ ਵਿੱਚ ਹੀ ਪੂਰਾ ਹੋ ਜਾਵੇਗਾ ਅਤੇ ਮੰਦਰ ਨੂੰ ਬਚਾਉਣ ਦੇ ਲਈ ਮੁਕਤੇਸ਼ਵਰ ਮਹਾਂਦੇਵ ਪ੍ਰਬੰਧਕ ਕਮੇਟੀ, ਮੁਕਤੇਸ਼ਵਰ ਧਾਮ ਬਚਾਓ ਕਮੇਟੀ ਅਤੇ ਸਥਾਨੀ ਲੋਕਾਂ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮੇਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮੰਦਰ ਨੂੰ ਬਚਾਉਣ ਦੇ ਲਈ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਵੱਲ ਹੁਣ ਵੀ ਧਿਆਨ ਨਹੀਂ ਦੇਵੇਗੀ ਤਾਂ ਇਹ ਧਾਰਮਿਕ ਥਾਂ ਆਪਣੀ ਹੋਂਦ ਖੋਹ ਦੇਵੇਗੀ।