ਪਠਾਨਕੋਟ: ਜਿੱਥੇ ਖੇਤਾਂ ਵਿੱਚ ਯੂਰੀਆ ਖਾਦ ਅਤੇ ਕੀਟਨਾਸ਼ਕਾਂ ਦਾ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਉੱਥੇ ਹੀ ਕਿਸਾਨ ਆਪਣੀਆਂ ਫ਼ਸਲਾਂ ਦਾ ਝਾੜ ਵਧਾਉਣ ਲਈ ਜ਼ਮੀਨਾਂ ਵਿੱਚ ਯੂਰੀਆ ਖਾਦ ਅਤੇ ਕੀਟਨਾਸ਼ਕ ਪਾ ਰਹੇ ਹਨ। ਜਿਸ ਦੇ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਫੀ ਅਸਰ ਪੈ ਰਿਹਾ ਹੈ। ਜਿਸ ਦੇ ਚੱਲਦੇ ਹੁਣ ਕਿਸਾਨਾਂ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਜੰਤਰ ਨਾਂ ਦੇ ਪੌਦੇ ਨੂੰ ਖੇਤਾਂ ਚ ਲਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
'ਮਿੱਟੀ ਦੀ ਗੁਣਵੱਤਾ ਵਿੱਚ ਵਾਧਾ': ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਫ਼ਸਲ ਦਾ ਝਾੜ ਵਧਾਉਣ ਲਈ ਖੇਤਾਂ ਵਿੱਚ ਯੂਰੀਆ ਖਾਦ ਦੀ ਮਾਤਰਾ ਲਗਾਤਾਰ ਵਧਾਈ ਜਾ ਰਹੀ ਹੈ, ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸੈਮੀਨਾਰ ਕਰਵਾਏ ਜਾ ਰਹੇ ਹਨ ਕਿ ਜੇਕਰ ਕਿਸਾਨ ਜੰਤਰ ਦੀ ਬਿਜਾਈ ਕਰਦੇ ਹਨ ਤਾਂ ਉਨ੍ਹਾਂ ਦੇ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ 25 ਫੀਸਦ ਤੱਕ ਘੱਟ ਜਾਵੇਗੀ, ਜੰਤਰ ਲਾਉਣ ਨਾਲ ਜ਼ਮੀਨ ਉਪਜਾਊ ਹੋਵੇਗੀ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ।
'ਫ਼ਸਲ ਦਾ ਝਾੜ ਵੀ ਵਧੇਗਾ': ਉਨ੍ਹਾਂ ਇਸ ਸਬੰਧੀ ਵਧੇਰੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬੂਟਾ ਇੱਕ ਮਹੀਨੇ ਵਿੱਚ ਤਿਆਰ ਹੋ ਜਾਂਦਾ ਹੈ, ਇਸ ਨੂੰ ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਲਗਾ ਦੇਣਾ ਚਾਹੀਦਾ ਹੈ ਅਤੇ ਜਦੋਂ ਝੋਨੇ ਦੀ ਫ਼ਸਲ ਬੀਜਣੀ ਹੋਵੇ ਤਾਂ ਇਸ ਨੂੰ ਖੇਤਾਂ ਵਿੱਚ ਹੀ ਮਿੱਟੀ ਵਿੱਚ ਮਿਲਾ ਦੇਣਾ ਚਾਹੀਦਾ ਹੈ। ਜਿਸ ਨਾਲ ਜ਼ਮੀਨ ਉਪਜਾਊ ਹੋਵੇਗੀ ਅਤੇ ਫ਼ਸਲ ਦਾ ਝਾੜ ਵੀ ਵਧੇਗਾ।
ਕਾਬਿਲੇਗੌਰ ਹੈ ਕਿ ਜੰਤਰ ਬੂਟੇ ਨੂੰ ਖੇਤ ਵਿੱਚ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਜੰਤਰ ਮਿੱਟੀ ਵਿੱਚ ਨਾਈਟ੍ਰੋਜਨ ਸਮੇਤ ਹੋਰ ਜ਼ਰੂਰੀ ਤੱਤਾਂ ਦੀ ਪੂਰਤੀ ਕਰਦਾ ਹੈ, ਜੰਤਰ ਦੀ ਵਰਤੋਂ ਕਰਨ ਨਾਲ ਖਾਦ ਦੀ ਲੋੜ 25 ਫੀਸਦ ਤੱਕ ਘੱਟ ਜਾਂਦੀ ਹੈ। ਇਸ ਜੰਤਰ ਬੂਟੇ ਦੀ ਵਰਤੋਂ ਦੇ ਲਈ ਖੇਤੀਬਾੜੀ ਵਿਭਾਗ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਬਰਸਾਤੀ ਪਾਣੀ ਫ਼ਰੀਦਕੋਟੀਆਂ ਲਈ ਬਣਿਆ ਆਫ਼ਤ, ਸੜਕਾਂ ਨੇ ਧਾਰਿਆ ਦਰਿਆ ਦਾ ਰੂਪ !