ਪਠਾਨਕੋਟ: ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕਿਸੇ ਹਸਪਤਾਲ ਦੀਆਂ ਨਹੀਂ ਬਲਕਿ ਪਠਾਨਕੋਟ ਦਾ ਪ੍ਰਸਿੱਧ ਮਾਂ ਆਸ਼ਾਪੂਰਨੀ ਮੰਦਰ ਹੈ, ਜਿਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇੱਥੇ ਸ਼ਰਧਾਲੂਆਂ ਦਾ ਵਿਸ਼ਵਾਸ ਕੋਰੋਨਾ ਵਾਇਰਸ ਦੇ ਡਰ 'ਤੇ ਭਾਰੀ ਪੈ ਰਿਹਾ ਹੈ। ਕੋਰੋਨਾ ਵਾਇਰਸ ਦੇ ਡਰ ਕਾਰਨ ਜਿੱਥੇ ਲੋਕ ਘਰਾਂ ਤੋਂ ਬਾਹਰ ਨਹੀਂ ਆ ਰਹੇ, ਉਥੇ ਮਾਂ ਆਸ਼ਾਪੁਰਨੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਮ ਦਿਨਾਂ ਦੀ ਤਰ੍ਹਾਂ ਹੀ ਸ਼ਰਧਾਲੂਆਂ ਦੀ ਭੀੜ ਪਹੁੰਚ ਰਹੀ ਹੈ। ਫਰਕ ਸਿਰਫ ਇਹ ਹੈ ਕਿ ਇਥੇ ਮਾਸਕ ਲਗਾ ਕੇ ਆਰਤੀ ਕੀਤੀ ਜਾ ਰਹੀ ਹੈ ਅਤੇ ਭਜਨ ਵੀ ਮਾਸਕ ਲਗਾ ਕੇ ਗਾਏ ਜਾ ਰਹੇ ਹਨ।
ਇਥੋਂ ਤਕ ਕਿ ਪੰਡਿਤ ਵੀ ਮਾਸਕ ਲਗਾ ਕੇ ਆਰਤੀ ਕਰ ਰਹੇ ਹਨ। ਜਿਥੇ ਕਈ ਸਾਰੇ ਧਾਰਮਿਕ ਸਥਾਨਾਂ ਨੇ ਕੋਰੋਨਾ ਦੇ ਡਰ ਕਾਰਨ ਸ਼ਰਧਾਲੂਆਂ ਦੇ ਆਉਣ 'ਤੇ ਪਾਬੰਦੀ ਲਗਾਈ ਹੋਈ ਹੈ, ਉਥੇ ਇਥੇ ਸ਼ਰਧਾਲੂਆਂ ਨੂੰ ਰੋਕਣ ਦੀ ਬਜਾਏ ਉਨ੍ਹਾਂ ਨੂੰ ਮਾਸਕ ਲਗਾਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਕਮੇਟੀ ਸ਼ਰਧਾਲੂਆਂ ਨੂੰ ਨਾ ਸਿਰਫ ਮਾਸਕ ਦੇ ਰਹੀ ਹੈ, ਬਲਕਿ ਇਸ ਵਾਇਰਸ ਤੋਂ ਬਚਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਵਿਸ਼ਵ ਨੂੰ ਇਸ ਵਾਇਰਸ ਤੋਂ ਬਚਾਉਣ ਦੇ ਲਈ ਮਾਂ ਆਸ਼ਾਪੂਰਨੀ ਦੇ ਦਰਬਾਰ ਤੇ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਹਨ।