ਪਠਾਨਕੋਟ: ਲੀਚੀ ਜ਼ੋਨ ਬਣਨ ਤੋਂ ਬਾਅਦ ਵੀ ਬਾਗਬਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਉਡੀਕ ਕਰ ਰਹੇ ਹਨ। ਪਠਾਨਕੋਟ ਜ਼ਿਲਾ ਆਪਣੀ ਲੀਚੀ ਦੀ ਪੈਦਾਵਾਰ ਲਈ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਮਸ਼ਹੂਰ ਹੈ ਅਤੇ ਪਠਾਨਕੋਟ ਦੀ ਲੀਚੀ ਵਿਦੇਸ਼ਾਂ ਵਿੱਚ ਵੀ ਭੇਜੀ ਜਾਂਦੀ ਹੈ। ਜਿਸ ਕਾਰਨ ਪਠਾਨਕੋਟ ਨੂੰ ਵੀ ਲੀਚੀ ਜ਼ੋਨ ਐਲਾਨਿਆ ਗਿਆ ਹੈ ਪਰ ਇਸ ਵਾਰ ਲੋਕਾਂ ਨੂੰ ਪਹਿਲਾਂ ਵਾਂਗ ਇਸ ਲੀਚੀ ਦਾ ਸਵਾਦ ਨਹੀਂ ਮਿਲੇਗਾ।
ਮੌਸਮ ਦੀ ਮਾਰ: ਬੇਮੌਸਮੀ ਬਰਸਾਤ ਕਾਰਨ ਲੀਚੀ ਦੇ 30 ਫੀਸਦ ਫੁੱਲ ਟੁੱਟ ਗਏ ਹਨ। ਜਿਸ ਕਾਰਨ ਬਾਗਬਾਨ ਪਰੇਸ਼ਾਨ ਨਜ਼ਰ ਆ ਰਹੇ ਹਨ। ਲੀਚੀ ਜੋਨ ਬਣਾਉਣ ਤੋਂ ਬਾਅਦ ਵੀ ਬਾਗਬਾਨਾਂ ਨੂੰ ਸਰਕਾਰ ਤੋਂ ਰਾਹਤ ਮਿਲਣ ਦੀ ਉਡੀਕ ਹੈ। ਜਦੋਂ ਅਸੀਂ ਬਾਗਬਾਨਾਂ ਨਾਲ ਗੱਲ ਕੀਤੀ ਤਾਂ ਇਸ ਬਾਰੇ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜੇਕਰ ਇਸ ਵਾਰ ਦੀ ਗੱਲ ਕਰੀਏ ਤਾਂ ਇਸ ਵਾਰ ਵੀ ਬੇਮੌਸਮੀ ਬਾਰਿਸ਼ ਨੇ ਲੀਚੀ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਮੁਆਵਜ਼ੇ ਦੀ ਉਡੀਕ: ਕਿਸਾਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਕੋਈ ਵੀ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ, ਪਰ ਸਰਕਾਰ ਵੱਲੋਂ ਕਿਸਾਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਗਿਆ, ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਤਰ੍ਹਾਂ ਬਾਗਬਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ।