ਪਠਾਨਕੋਟ: ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਠਾਨਕੋਟ (Bhagwant Singh Maan on his visit to Pathankot) ਦੇ ਦੌਰੇ ਉੱਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਾਂਵਾਂ ਦਾਣਾ ਮੰਡੀ ਵਿੱਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਸੀਐੱਮ ਮਾਨ ਨੇ ਝੋਨੇ ਸਬੰਧੀ ਅੰਕੜਿਆ ਦੱਸਦਿਆਂ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਆਮਦ 110 ਲੱਖ 13 ਹਜ਼ਾਰ 613 ਮੀਟ੍ਰਿਕ ਟਨ ਹੋਈ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਰਕਮ ਦੀ ਅਦਾਇਗੀ ਘੰਟਿਆਂ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵੀ ਇਸ ਵਾਰ ਪੂਰੇ ਪ੍ਰਬੰਧ ਸਨ ਜਿਸ ਕਰਕੇ ਲਿਫਟਿੰਗ ਦੀ ਸਮੱਸਿਆ ਪੂਰੇ ਪੰਜਾਬ ਵਿੱਚ ਨਹੀਂ ਆਈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗੁਆਢੀ ਸੂਬਿਆਂ ਤੋਂ ਪੰਜਾਬ ਵਿੱਚ ਝੋਨੇ ਦੀ ਕਾਲਾਬਜ਼ਾਰੀ (Black market of paddy) ਜੋ ਕੀਤੀ ਜਾਂਦੀ ਸੀ ਇਸ ਵਾਰੀ ਉਸ ਉੱਤੇ ਰੋਕ ਲਗਾ ਕੇ ਪੰਜਾਬ ਦੇ ਕਿਸਾਨਾਂ ਦੀ ਲੁੱਟ ਨੂੰ ਬਚਾਇਆ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਹਮਲਾਵਰ ਫੜ੍ਹੇ ਗਏ ਹਨ ਅਤੇ ਕੁੱਝ ਪੁਲਿਸ ਐਨਕਾਊਂਟਰ ਵਿੱਚ ਮਾਰੇ ਗਏ ਹਨ।
ਉਨ੍ਹਾਂ ਕਿਹਾ ਕਿ ਬਾਹਰਲੇ ਮੁਲਕਾਂ ਵਿੱਚ ਬੈਠੇ ਗੈਂਗਸਟਰਾਂ (Gangsters living in foreign countries) ਨੂੰ ਕੇਂਦਰ ਸਰਕਾਰ ਦੀ ਮਦਦ ਨਾਲ ਟਰੇਸ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਸੀਐੱਮ ਮਾਨ ਨੇ ਕਿਹਾ ਕਿ ਬਾਹਰ ਬੈਠੇ ਗੈਂਗਸਟਰਾਂ ਖ਼ਿਲਾਫ਼ ਵੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸੀਐੱਮ ਮਾਨ ਨੇ ਕਿਹਾ ਕਿ ਕਰੈਸ਼ਰ ਇੰਡਸਟਰੀ ਨੂੰ ਚਲਾਉਣ ਲਈ ਸਰਕਾਰ ਪੂਰੀ ਤਰ੍ਹਾਂ ਤਤਪਰ ਹੈ। ਉਨ੍ਹਾਂ ਕਿਹਾ ਕਿ ਨਵੀਂ ਮਾਈਨਿੰਗ ਅਤੇ ਕਰੈਸ਼ਰ ਨੀਤੀ (New Mining and Crash Policy) ਲਾਗੂ ਕਰਨ ਵਿੱਚ ਥੋੜ੍ਹੀ ਦੇਰੀ ਹੋ ਰਹੀ ਪਰ ਇਸ ਨੂੰ ਜਲਦ ਲਾਗੂ ਕਰਕੇ ਕੰਮ ਚਲਾਇਆ ਜਾਵੇਗਾ।
ਇਹ ਵੀ ਪੜ੍ਹੋ: ਮੰਤਰੀ ਈਟੀਓ ਨੇ ਕੀਤੀ ਲੋਕ ਨਿਰਮਾਣ ਦਫ਼ਤਰ 'ਚ ਛਾਪੇਮਾਰੀ, ਦੇਰ ਨਾਲ ਪਹੁੰਚੇ ਮੁਲਾਜ਼ਮਾਂ ਨੂੰ ਪਾਈ ਝਾੜ